The News Post Punjab

Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ ‘ਚ ਨਮ ਹੋਈਆਂ ਮਾਤਾ ਚਰਨ ਕੌਰ ਦੀਆਂ ਅੱਖਾਂ, ਬੋਲੇ- ‘ਪੁੱਤ ਅੱਜ ਦਾ ਦਿਨ ਬਹੁਤ ਔਖਾ’

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਅੱਜ ਦੇਸ਼ ਅਤੇ ਵਿਦੇਸ਼ ਵਿੱਚ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਵੀ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਨੂੰ ਅੱਜ ਯਾਨੀ 29 ਮਈ ਨੂੰ ਇੱਕ ਵਾਰ ਫਿਰ ਯਾਦ ਕਰਦਿਆਂ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਤੁਸੀ ਵੀ ਵੇਖੋ ਇਹ ਖਾਸ ਪੋਸਟ…

 

ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਿੱਧੂ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ,  ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ… ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ♡ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾ ਨੇ ਮੇਰੀ ਕੁੱਖ ਚੋ ਖੋਹ ਲਿਆ, ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀ ਸੀ, ਪਰ ਬੇਟਾ ਗੁਰੂ ਮਾਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ। ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ, ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਆ ਜੋ ਮੈਂ ਇਹਨਾਂ ਦੋ ਸਾਲਾਂ ਤੋ ਕਰਦੀ ਆ ਰਹੀ ਆ ਪੁੱਤ ਅੱਜ ਦਾ ਦਿਨ ਬੜਾ ਔਖਾ ਪੁੱਤ।

29 ਮਈ 22 ਨੂੰ ਕੀਤਾ ਗਿਆ ਕਤਲ

ਕਾਬਿਲੇਗੌਰ ਹੈ ਕਿ 29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜਿਆਂ ਗੋਲੀਆਂ ਮਾਰ ਕੇ ਸਰੇਆਮ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਆਪਣੇ ਪੁੱਤਰ ਮੂਸੇਵਾਲਾ ਲਈ ਪਰਿਵਾਰ ਹਾਲੇ ਵੀ  ਦੇ ਇਨਸਾਫ ਦੀ ਲੜਾਈ ਲੜ ਰਿਹਾ ਹੈ।

 

Exit mobile version