The News Post Punjab

Sangrur News: ਖਹਿਰਾ ਦਾ ਸੀਐਮ ਭਗਵੰਤ ਮਾਨ ‘ਤੇ ਇਲਜ਼ਾਮ! ਵਿਜੀਲੈਂਸ ਦਾ ਡਰਾਵਾ ਦੇ ਕਾਂਗਰਸੀਆਂ ਨੂੰ ‘ਆਪ’ ‘ਚ ਸ਼ਾਮਲ ਕੀਤਾ ਜਾ ਰਿਹਾ

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵਿਜੀਲੈਂਸ ਦਾ ਡਰਾਵਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜਿਸ ਦਲਬੀਰ ਗੋਲਡੀ ਖ਼ਿਲਾਫ ਉਨ੍ਹਾਂ ਚੋਣ ਲੜੀ ਸੀ, ਅੱਜ ਭਾਵੇਂ ਉਸ ਨੂੰ ਤਿਤਲੀ ਬਣਾ ਕੇ ਤਾਂ ਲੈ ਗਏ ਪਰ ਭਗਵੰਤ ਮਾਨ BH ਸੰਗਰੂਰ ਵਿੱਚ ਕਮਜ਼ੋਰ ਪੈ ਗਏ ਹਨ।

ਖਹਿਰਾ ਨੇ ਕਿਹਾ ਕਿ ਅੱਜ ਪੰਜਾਬ ਸਿਰ 70 ਹਜ਼ਾਰ ਕਰੋੜ ਦਾ ਕਰਜ਼ਾ ਹੈ ਜਦੋਂਕਿ 25 ਹਜ਼ਾਰ ਕਰੋੜ ਹੋਰ ਕਰਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਝੂਠਾ ਇਨਕਲਾਬ ਤੇ ਝੂਠੇ ਸੁਫਨੇ ਦਿਖਾ ਕੇ ਸੱਤਾ ਵਿੱਚ ਆਉਂਦਿਆਂ ਹੀ ਆਪ ਦੀ ਲੀਡਰਸ਼ਿਪ ਲੋਕਾਂ ਤੋਂ ਦੂਰੀ ਬਣਾ ਚੁੱਕੀ ਹੈ ਜਿਸ ਤੋਂ ਪੰਜਾਬ ਦੇ ਲੋਕ ਨਿਰਾਸ਼ ਹਨ ਪਰ ਦੂਜੇ ਪਾਸੇ ਆਏ ਦਿਨ ਮਾਨ ਸਰਕਾਰ ਰੰਗਲੇ ਪੰਜਾਬ ਦੇ ਨਾਅਰੇ ਲਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਨੂੰ ਕਰਜ਼ੇ ਅਤੇ ਨਸ਼ਿਆਂ ਤੋਂ ਬਚਾਉਣ ਲਈ ਆਪ ਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ।

ਦੂਜੇ ਪਾਸੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੁਖਪਾਲ ਖਹਿਰਾ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ,‘ਮੈਂ ਇਸ ਲੋਕ ਸਭਾ ਹਲਕੇ ਦਾ ਬਾਸ਼ਿੰਦਾ ਹੈ ਤੇ ਚੋਣ ਜਿੱਤ ਕੇ ਤੁਹਾਡੀਆਂ ਆਸਾਂ ’ਤੇ ਯਕੀਨਨ ਖਰ੍ਹਾ ਉੱਤਰਾਂਗਾ।’

ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਭੁਲੱਥ ਵਾਲੇ ਖਹਿਰਾ ਸਾਹਿਬ, ਫਤਿਹਗੜ੍ਹ ਸਾਹਿਬ ਵਾਲੇ ਮਾਨ ਸਾਹਿਬ ਸਮੇਤ ਹੋਰ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ ਜੋ ਲੋਕਾਂ ਦੀਆਂ ਵੋਟਾਂ ਲੈ ਕੇ ਰਫੂਚੱਕਰ ਹੋ ਜਾਣਗੇ। ‘ਆਪ’ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਪੂਰੇ ਕਰ ਦਿੱਤੇ ਗਏ ਹਨ।

Exit mobile version