ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਵਿੱਚ ਇੱਕ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ‘ਤੇ ਨਿਸ਼ਾਨਾ ਸਾਧ ਰਹੀਆਂ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਕਿ ਭਾਜਪਾ ਆਗੂ ਵੱਲੋਂ ਬੰਗਾਲ ਦੇ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣਾ ਅਤਿ ਨਿੰਦਣਯੋਗ ਹੈ। ਸ਼ਾਇਦ ਭਾਜਪਾ ਨੂੰ ਇਹ ਨਹੀਂ ਪਤਾ ਕਿ ਅੱਜ ਤੱਕ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਇਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਭਾਜਪਾ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਵਿੱਚ ਇੱਕ ਔਰਤ ਨਾਲ ਜਿਨਸੀ ਹਿੰਸਾ ਦੇ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਸੜਕਾਂ ‘ਤੇ ਉਤਰ ਆਏ। ਇਸ ਦੌਰਾਨ ਜਦੋਂ ਉਨ੍ਹਾਂ ਨੇ ਸੰਦੇਸ਼ਖਾਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਕਾਰਨ ਭਾਜਪਾ ਆਗੂਆਂ ਨੇ ਆਈਪੀਐਸ ਅਧਿਕਾਰੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਭਾਜਪਾ ਆਗੂਆਂ ਨੇ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਖਾਲਿਸਤਾਨੀ ਕਿਹਾ, ਜਿਸ ਤੋਂ ਬਾਅਦ ਮੀਡੀਆ ਸਾਹਮਣੇ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ।
ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਆਈਪੀਐਸ ਅਧਿਕਾਰੀ ਨੂੰ ਇਹ ਕਹਿੰਦਿਆਂ ਹੋਇਆਂ ਸੁਣਿਆ ਜਾ ਰਿਹਾ ਹੈ ਕਿ ਮੈਨੂੰ ਪੱਗ ਬੰਨ੍ਹਣ ਕਰਕੇ ਖ਼ਾਲਿਸਤਾਨੀ ਕਿਹਾ ਗਿਆ। ਜੇਕਰ ਕੋਈ ਪੁਲਿਸ ਮੁਲਾਜ਼ਮ ਪੱਗ ਬੰਨ੍ਹ ਕੇ ਡਿਊਟੀ ਕਰਦਾ ਹੈ ਤਾਂ ਕੀ ਉਹ ਖਾਲਿਸਤਾਨੀ ਬਣ ਜਾਂਦਾ ਹੈ? ਇਸ ਦੌਰਾਨ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਵੀ ਕੇਸ ਦਰਜ ਕਰਨ ਦੀ ਗੱਲ ਕਹੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਕੇ ਲਿਖਿਆ ਕਿ ਭਾਜਪਾ ਦਾ ਸਿੱਖਾਂ ਲਈ ਇਹ ਵਿਚਾਰ ਹੈ। ਕੀ ਉਨ੍ਹਾਂ ਨੂੰ ਹਰ ਪੱਗ ਬੰਨ੍ਹਣ ਵਾਲਾ ਖਾਲਿਸਤਾਨ ਲੱਗਦਾ ਹੈ? ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਇੱਕ IPS ਅਫਸਰ ਨਾਲ ਇਹੋ ਵਤੀਰਾ ਹੈ ਤਾਂ ਇਹ ਲੋਕ ਆਮ ਸਿੱਖਾਂ ਨਾਲ ਕੀ ਕਰਨਗੇ?
