ਪੰਜਾਬ ਵਿਚ ਮੌਸਮ ਲਗਾਤਾਰ ਆਪਣਾ ਮਿਜ਼ਾਜ (Punjab Weather) ਬਦਲ ਰਿਹਾ ਹੈ, ਜਿਸ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਲੰਘੀ ਰਾਤ ਪਏ ਮੀਂਹ ਤੋਂ ਬਾਅਦ ਅੱਜ ਵੀ ਪੰਜਾਬ ਦੇ ਮਾਝਾ ਦੇ ਦੋਆਬਾ ਖੇਤਰਾਂ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪਿਆ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ 18, 19 ਤੇ 20 ਅਪਰੈਲ ਨੂੰ ਮੁੜ ਤੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ।
ਮੌਸਮ ਵਿਭਾਗ ਨੇ 18, 19 ਤੇ 20 ਅਪਰੈਲ ਲਈ ਯੈੱਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਉਸ ਤੋਂ ਪਹਿਲਾਂ 16 ਤੇ 17 ਅਪਰੈਲ ਨੂੰ ਮੌਸਮ ਸਾਫ ਰਹੇਗਾ।
ਉਧਰ, ਭਾਰਤੀ ਮੌਸਮ ਵਿਭਾਗ ਨੇ ਆਖਿਆ ਹੈ ਕਿ ਦੇਸ਼ ਵਿਚ 2024 ਦੇ ਮੌਨਸੂਨ ਸੀਜ਼ਨ (Monsoon) ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲਾ ਨੀਨਾ ਦੇ ਅਗਸਤ-ਸਤੰਬਰ ਤੱਕ ਸਰਗਰਮ ਹੋਣ ਦੀ ਸੰਭਾਵਨਾ ਹੈ।
ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੀ ਗਿਣਤੀ ਘਟ ਰਹੀ ਹੈ ਜਦੋਂ ਕਿ ਭਾਰੀ ਵਰਖਾ ਦੀਆਂ ਘਟਨਾਵਾਂ (ਥੋੜ੍ਹੇ ਸਮੇਂ ਵਿਚ ਵਧੇਰੇ ਮੀਂਹ) ਵਧ ਰਹੀਆਂ ਹਨ, ਜਿਸ ਨਾਲ ਅਕਸਰ ਸੋਕੇ ਅਤੇ ਹੜ੍ਹ ਦੇ ਹਾਲਾਤ ਪੈਦਾ ਹੋ ਜਾਂਦੇ ਹਨ। 1951-2023 ਦਰਮਿਆਨ ਅੰਕੜਿਆਂ ਦੇ ਆਧਾਰ ਉਤੇ ਭਾਰਤ ’ਚ ਮੌਨਸੂਨ ਸੀਜ਼ਨ ‘ਚ ਨੌਂ ਵਾਰ ਆਮ ਨਾਲੋਂ ਜ਼ਿਆਦਾ ਮੀਂਹ ਪਿਆ। ਇਸ ਵਾਰ ਭਾਰਤ ਵਿਚ ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਵਿੱਚ ਆਮ ਨਾਲੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ, ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਆਈਐਮਡੀ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੇਸ਼ ਭਰ ਵਿੱਚ 2024 ਦੇ ਦੱਖਣ-ਪੱਛਮੀ ਮਾਨਸੂਨ ਦੇ ਤਹਿਤ 1 ਜੂਨ ਤੋਂ 30 ਸਤੰਬਰ ਦੇ ਵਿਚਕਾਰ ਮਾਨਸੂਨ ਮੌਸਮੀ ਬਾਰਿਸ਼ ਲੰਬੀ ਮਿਆਦ ਦੀ ਔਸਤ (ਐਲਪੀਏ) ਦਾ 106 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ ਮੌਸਮੀ ਵਰਖਾ ਦੀ ਲੰਮੀ ਮਿਆਦ ਦੇ ਔਸਤ ਦੇ 96 ਤੋਂ 104 ਪ੍ਰਤੀਸ਼ਤ ਦੇ ਵਿਚਕਾਰ ਹੈ ਤਾਂ ਇਹ ਆਮ ਗੱਲ ਹੈ।
ਆਈਐਮਡੀ ਦੇ ਮੁਖੀ ਨੇ ਕਿਹਾ ਕਿ 106 ਪ੍ਰਤੀਸ਼ਤ ਬਾਰਸ਼ ਆਮ ਨਾਲੋਂ ਵੱਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਜੇਕਰ ਲੰਬੇ ਸਮੇਂ ਦੀ ਔਸਤ ਦੇ 105 ਪ੍ਰਤੀਸ਼ਤ ਤੋਂ 110 ਪ੍ਰਤੀਸ਼ਤ ਦੇ ਵਿਚਕਾਰ ਬਾਰਿਸ਼ ਹੁੰਦੀ ਹੈ ਤਾਂ ਇਸ ਨੂੰ ਆਮ ਤੋਂ ਉੱਪਰ ਮੰਨਿਆ ਜਾਂਦਾ ਹੈ। ਮਹਾਪਾਤਰਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮੌਸਮੀ ਵਰਖਾ ਦੀ ਲੰਮੀ ਮਿਆਦ ਦੀ ਔਸਤ 87 ਸੈਂਟੀਮੀਟਰ ਹੈ।