ਦਰੱਖਤਾਂ ਦੀ ਲਗਾਤਾਰ ਕਟਾਈ ਕਾਰਨ ਪੰਜਾਬ ’ਚ ਤਾਪਮਾਨ ਅੰਕੜਿਆਂ ਨੂੰ ਤੋੜ ਰਿਹਾ ਹੈ। ਗਰਮੀ ਕਾਰਨ ਸਾਰੇ ਸ਼ਹਿਰਾਂ ਦਾ ਬੁਰਾ ਹਾਲ ਹੈ। ਐਤਵਾਰ ਨੂੰ ਸਮਰਾਲਾ ਦੇਸ਼ ਭਰ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਐਤਵਾਰ ਨੂੰ ਸਮਰਾਲਾ ਦਾ ਤਾਪਮਾਨ 47.2 ਦਰਜ ਕੀਤਾ ਗਿਆ, ਜੋ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਹੈ। 1958 ਤੋਂ ਬਾਅਦ ਬੀਤੇ ਦਿਨੀਂ ਹੀ ਪਾਰਾ 47 ਡਿਗਰੀ ਦੇ ਪਾਰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1958 ਵਿਚ 17 ਜੂਨ ਨੂੰ ਲੁਧਿਆਣਾ ਵਿਚ ਪਾਰਾ 47.9 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਰਿਕਾਰਡ ਤਾਪਮਾਨ ਹੈ।
ਐਤਵਾਰ ਨੂੰ ਸਮਰਾਲਾ ਵਿਚ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8, ਪਟਿਆਲਾ ਦਾ 45.5, ਪਠਾਨਕੋਟ ਦਾ 46.1, ਬਠਿੰਡਾ ਦਾ 46.3, ਬਰਨਾਲਾ ਦਾ 43.9, ਫਰੀਦਕੋਟ ਦਾ 45.6, ਫਿਰੋਜ਼ਪੁਰ ਦਾ 44.3, ਜਲੰਧਰ ਦਾ ਤਾਪਮਾਨ 43.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿਚ ਅੱਤ ਦੀ ਗਰਮੀ ਕਾਰਨ ਐਤਵਾਰ ਨੂੰ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ।
ਮੌਸਮ ਵਿਭਾਗ ਨੇ ਅੱਜ ਲਈ ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 17 ਜੂਨ ਨੂੰ ਲੂ ਨਾਲ ਰੈੱਡ ਅਲਰਟ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਲੜੀ ’ਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ। ਵਿਭਾਗ ਵੱਲੋਂ ਮੰਗਲਵਾਰ ਤੋਂ 3 ਦਿਨ ਲਈ ਲੂ ਦੇ ਨਾਲ-ਨਾਲ ਧੂੜਭਰੀ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਦੇ ਹੋਰ ਸੂਬਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
