ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ‘ਤੇ ਫਾਇਰਿੰਗ ਕੀਤੀ ਗਈ, ਖ਼ੁਸ਼ਕਿਸਮਤੀ ਨਾਲ ਨਿਸ਼ਾਨਾ ਖੁੰਝ ਗਿਆ ਤੇ ਗੋਲੀ ਕੰਧ ‘ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਤੋਂ ਬਾਅਦ ਹੁਣ ਵੱਖੋ-ਵੱਖਰੀਆਂ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਸੁਖਬੀਰ ਬਾਦਲ ਨੂੰ ਵੀਲ੍ਹਚੇਅਰ ਤੋਂ ਉੱਠ ਕੇ ਭੱਜਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜਿਹੀ ਕਿਸੇ ਵੀ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ।
ਇਸ ਨੂੰ ਲੈ ਕੇ ਸ਼੍ਰੋਮਣ ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਉਹ ਪੰਥ ਵਿਰੋਧੀ ਤਾਕਤਾਂ ਜੋ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਹੁਣ ਨਿਰਾਸ਼ਾ ਦੇ ਆਲਮ ਵਿੱਚ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਇੱਕ ਯੋਜਨਾਬੱਧ ਮੁਹਿੰਮ ਦਾ ਸਹਾਰਾ ਲੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੀਆਂ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦਾ ਹੈ ਅਤੇ ਦੋਸ਼ੀਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਹੋਰ ਕਾਨੂੰਨੀ ਕਾਰਵਾਈ ਤੋਂ ਇਲਾਵਾ ਉਨ੍ਹਾਂ ਵਿਰੁੱਧ ਸਾਈਬਰ ਅਪਰਾਧ ਦੇ ਕੇਸ ਦਰਜ ਕਰੇਗਾ।
ਇਹ ਪੰਥ ਵਿਰੋਧੀ ਸ਼ਕਤੀਆਂ ਨੂੰ ਵੀ ਚੇਤਾਵਨੀ ਦਿੰਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉਲਟ ਅਤੇ ਬਾਦਲ ਵੱਲੋਂ ਕੀਤੀ ਜਾ ਰਹੀ ‘ਸੇਵਾ’ ਦੇ ਸਬੰਧ ਵਿੱਚ ਅਪਮਾਨਜਨਕ ਸਮੱਗਰੀ ਪੋਸਟ ਕਰਨ ਤੋਂ ਗੁਰੇਜ਼ ਕਰਨ। ਬਾਦਲ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਘਰ ਵੀ ਨਹੀਂ ਛੱਡ ਹੋਇਆ, ਉਸ ਸੱਚੇ ਦਰ ਨੂੰ ਵੀ ਆਪਣੇ ਝੂਠ ਲਈ ਵਰਤਿਆ ਜਾਣਾ ਬੇਹੱਦ ਸ਼ਰਮਨਾਕ ਹੈ । ਗੁਰੂ ਘਰ ਵਿਖੇ ਸੇਵਾ ਕਰਦੇ ਬਾਦਲ ਸਾਬ੍ਹ ਦੀਆਂ ਵੀਡੀਓ ਅਤੇ ਫੋਟੋਆਂ ਨੂੰ ਐਡਿਟ ਕਰਕੇ ਵਾਇਰਲ ਕਰਨ ਵਾਲੇ ਕਿਸੇ ਵੀ ਕੀਮਤ ਉੱਪਰ ਬਖਸ਼ੇ ਨਹੀਂ ਜਾਣਗੇ