The News Post Punjab

Punjab News: ਫੋਰਟਿਸ ਹਸਪਤਾਲ ਤੋਂ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਆਈ ਵੱਡੀ ਖਬਰ! 24 ਘੰਟਿਆਂ ਤੋਂ ਨਿਗਰਾਨੀ ਹੇਠ

ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਉਹ ਉੱਥੇ ਰੁਟੀਨ ਚੈਕਅੱਪ ਲਈ ਗਏ ਸੀ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ। ਕੱਲ੍ਹ ਕੀਤੀਆਂ ਗਈਆਂ ਕੁਝ ਹੋਰ ਜਾਂਚ ਰਿਪੋਰਟਾਂ ਅੱਜ ਆਉਣਗੀਆਂ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਫੈਸਲਾ ਲਿਆ ਜਾਏਗਾ।

ਇਸ ਤੋਂ ਪਹਿਲਾਂ ਸੀਐਮ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਡਾਕਟਰਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਹੈ। ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੀ ਇੱਕ ਧਮਣੀ ਵਿੱਚ ਸੋਜ ਦੇ ਲੱਛਣ ਪਾਏ ਗਏ ਹਨ, ਜਿਸ ਨਾਲ ਦਿਲ ‘ਤੇ ਦਬਾਅ ਪੈ ਰਿਹਾ ਹੈ।

ਡਾਕਟਰਾਂ ਮੁਤਾਬਕ ਇਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਆਉਣ ਲੱਗਾ ਹੈ। ਇਸ ਬਾਰੇ ਕੁਝ ਹੋਰ ਜਾਂਚ ਕੀਤੀ ਜਾਣੀ ਹੈ ਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣੇ ਹਨ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਰਿਪੋਰਟ ਅੱਜ ਆ ਜਾਏਗੀ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਬੀਮਾਰ ਹੋਣ ਦਾ ਖੁਲਾਸਾ ਹੋਇਆ ਸੀ। ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੂੰ ਵਾਪਸ ਦਿੱਲੀ ਲਿਜਾਇਆ ਜਾਣਾ ਸੀ। ਹਾਲਾਂਕਿ ਮੁੱਖ ਮੰਤਰੀ ਦਫ਼ਤਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

 

Exit mobile version