ਪਟਿਆਲਾ ਤੋਂ ਵਿਦੇਸ਼ ਗਈ ਇੱਕ ਔਰਤ ਨੇ ਉੱਥੇ ਦੂਜਾ ਵਿਆਹ ਕਰਵਾ ਲਿਆ। ਮਹਿਲਾ ਦੇ ਪਤੀ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ ਪਰ ਪਤਨੀ ਬੇਵਫ਼ਾ ਨਿਕਲੀ ਅਤੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਵਿਦੇਸ਼ ਜਾ ਕੇ ਦੂਜਾ ਵਿਆਹ ਕਰ ਲਿਆ।
ਪਤੀ ਦਾ ਦੋਸ਼ ਹੈ ਕਿ ਉਸ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਨੇ ਪਤੀ ਨਾਲੋਂ ਸਾਰੇ ਰਿਸ਼ਤੇ ਤੋੜ ਲਏ। ਪਤਨੀ ਨੇ ਉਸ ਨੂੰ ਆਸਟ੍ਰੇਲੀਆ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਪਤੀ ਨੂੰ ਤਲਾਕ ਦਿੱਤੇ ਬਿਨਾਂ ਉਸ ਨੇ ਆਪਣੇ ਨਾਨਕੇ ਪਰਿਵਾਰ ਨਾਲ ਸਾਜ਼ਿਸ਼ ਰਚ ਕੇ ਦੂਜਾ ਵਿਆਹ ਕਰਵਾ ਲਿਆ।
ਪੀੜਤਾ ਦੇ ਪਤੀ ਦੀ ਸ਼ਿਕਾਇਤ ‘ਤੇ ਥਾਣਾ ਸਨੌਰ ਦੀ ਪੁਲਸ ਨੇ ਦੋਸ਼ੀ ਪਤਨੀ ਅਤੇ ਉਸ ਦੀ ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮੁਲਜ਼ਮਾਂ ਦੀ ਪਛਾਣ ਪਤਨੀ ਕੰਚਨ ਰਾਣੀ ਅਤੇ ਉਸ ਦੀ ਮਾਂ ਸਰੋਜ ਰਾਣੀ ਵਾਸੀ ਮਿਆਣੀ ਬਸਤੀ ਸਿਟੀ-2 ਅਬੋਹਰ ਫਾਜ਼ਿਲਕਾ ਵਜੋਂ ਹੋਈ ਹੈ।
ਪੀੜਤ ਪੰਕਜ ਸ਼ਰਮਾ ਵਾਸੀ ਆਹਲੂਵਾਲੀਆ ਮੁਹੱਲਾ ਸਨੌਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਵਿਆਹ ਕੰਚਨ ਰਾਣੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੰਚਨ ਦੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਉਸ ਨੇ ਹੀ ਚੁੱਕਿਆ। ਕੁਝ ਸਮੇਂ ਲਈ ਸਭ ਕੁਝ ਠੀਕ ਚੱਲਿਆ। ਪਰ ਬਾਅਦ ਵਿਚ ਉਸ ਨੇ ਹੌਲੀ-ਹੌਲੀ ਆਪਣੇ ਪਤੀ ਨਾਲ ਫੋਨ ‘ਤੇ ਗੱਲ ਕਰਨੀ ਬੰਦ ਕਰ ਦਿੱਤੀ। ਪਤੀ ਨੂੰ ਆਸਟ੍ਰੇਲੀਆ ਬੁਲਾਉਣ ਤੋਂ ਇਨਕਾਰ ਕਰ ਦਿੱਤਾ।
ਪਤੀ ਨੇ ਦੋਸ਼ ਲਾਇਆ ਕਿ ਕੰਚਨ ਰਾਣੀ ਨੇ ਆਪਣੇ ਨਾਨਕੇ ਪਰਿਵਾਰ ਦੀ ਮਿਲੀਭੁਗਤ ਨਾਲ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਨੌਜਵਾਨ ਨਾਲ ਵਿਆਹ ਕਰਵਾ ਲਿਆ। ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੰਚਨ ਅਤੇ ਉਸ ਦੀ ਮਾਂ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।