The News Post Punjab

Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 58ਵਾਂ ਦਿਨ ਹੈ। ਜਗਜੀਤ ਸਿੰਘ ਡੱਲੇਵਾਲ ਨੂੰ ਤਾਜ਼ਾ ਹਵਾ ਅਤੇ ਧੁੱਪ ਲਈ ਬਾਹਰ ਲਿਆਂਦਾ ਗਿਆ ਹੈ। ਡਾਕਟਰਾਂ ਦੀ ਅਪੀਲ ਉੱਤੇ ਡੱਲੇਵਾਲ ਨੂੰ ਬਾਹਰ ਲਿਆਂਦਾ ਗਿਆ ਹੈ, ਕਿਉਂਕਿ ਉਨ੍ਹਾਂ ਦੀ ਸਿਹਤ ਦੇ ਲਈ ਧੁੱਪ ਅਤੇ ਤਾਜ਼ੀ ਹਵਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਵਿੱਚ ਇਸ ਦੀ ਕਮੀ ਸੀ। ਜਗਜੀਤ ਸਿੰਘ ਡੱਲੇਵਾਲ ਲਈ ਸਪੈਸ਼ਲ ਕਮਰਾ ਤਿਆਰ ਕੀਤਾ ਗਿਆ ਹੈ।

ਇਸ ਸਮੇਂ ਉਨ੍ਹਾਂ ਨੂੰ ਮੋਰਚੇ ਵਾਲੀ ਸਟੇਜ ਦੇ ਨੇੜੇ ਹੀ ਇਕ ਨਿੱਜੀ ਹੋਟਲ ਦੇ ਬਾਹਰ ਖੁੱਲੀ ਹਵਾ ਤੇ ਧੁੱਪ ਦੀ ਰੋਸ਼ਨੀ ਵਿਚ ਰੱਖਿਆ ਗਿਆ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹੂਲਤ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਪਟਿਆਲਾ ਡਾ. ਦਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਮੌਜੂਦ ਮਾਹਰ ਡਾਕਟਰਾਂ ਨੇ ਉਨ੍ਹਾਂ ਨੂੰ ਗੁਲੂਕੋਜ਼ ਡਰਿੱਪ ਲਾਈ ਹੈ।

ਦੱਸ ਦਈਏ ਕਿ ਟਰਾਲੀ ਨੂੰ ਡੱਲੇਵਾਲ ਲਈ ਇੱਕ ਕਮਰੇ ਵਿੱਚ ਬਦਲ ਦਿੱਤਾ ਗਿਆ ਹੈ। ਇਸ ਵਿੱਚ ਸ਼ੀਸ਼ੇ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਡੱਲੇਵਾਲ ਸੂਰਜ ਦੀ ਰੌਸ਼ਨੀ ਪ੍ਰਾਪਤ ਕਰ ਸਕਣਗੇ। ਮਾਹਿਰਾਂ ਦੀ ਟੀਮ ਟਰਾਲੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਸਫਾਈ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਹੈ। ਮਰਨ ਵਰਤ ‘ਤੇ ਰਹਿਣ ਕਾਰਨ ਡੱਲੇਵਾਲ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਘੱਟ ਗਈ ਹੈ। ਕੋਹਾੜ ਨੇ ਦੱਸਿਆ ਕਿ ਇਹ ਟਰਾਲੀ ਖਨੌਰੀ ਸਰਹੱਦ ‘ਤੇ ਸਟੇਜ ਦੇ ਨੇੜੇ ਲਗਾਈ ਗਈ ਹੈ। ਇਸ ਦੇ ਨਾਲ ਹੀ ਕੰਡਿਆਲੀ ਤਾਰ ਵੀ ਲਗਾਈ ਜਾਵੇਗੀ, ਤਾਂ ਜੋ ਜੇਕਰ ਡੱਲੇਵਾਲ ਬਾਹਰ ਆ ਕੇ ਧੁੱਪ ਸੇਕਣ ਚਾਹੁੰਦੇ ਹਨ ਤਾਂ ਆ ਸਕਣ।

ਕਮਰੇ ਦੀਆਂ ਵਿਸ਼ੇਸ਼ਤਾਵਾਂ
ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਤਿਆਰ ਕੀਤਾ ਗਿਆ ਵਿਸ਼ੇਸ਼ ਕਮਰਾ ਸਾਊਂਡ ਪਰੂਫ ਹੈ। ਇਸ ਨੂੰ ਹਵਾਦਾਰ ਬਣਾਇਆ ਗਿਆ ਹੈ, ਤਾਂ ਜੋ ਡੱਲੇਵਾਲ ਨੂੰ ਲੋੜੀਂਦੀ ਤਾਜ਼ੀ ਹਵਾ ਵੀ ਮਿਲ ਸਕੇ। ਕਮਰੇ ਵਿੱਚ ਇਨਵਰਟਰ, ਬਾਥਰੂਮ ਅਤੇ ਰਸੋਈ ਦੀ ਸੁਵਿਧਾ ਵੀ ਹੈ। ਸ਼ੀਸ਼ੇ ਵੀ ਲਗਾਏ ਗਏ ਹਨ ਤਾਂ ਜੋ ਡੱਲੇਵਾਲ ਨੂੰ ਧੁੱਪ ਮਿਲ ਸਕੇ। ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਕਮਰਾ ਸਾਊਂਡ ਪਰੂਫ ਹੋਣ ਕਰਕੇ ਸਟੇਜ ਦੇ ਬਾਹਰੋਂ ਆ ਰਹੀਆਂ ਉੱਚੀਆਂ ਆਵਾਜ਼ਾਂ ਡੱਲੇਵਾਲ ਨੂੰ ਪ੍ਰੇਸ਼ਾਨ ਨਹੀਂ ਹੋਣਗੀਆਂ।

Exit mobile version