The News Post Punjab

Punjab News: ਕੰਗਨਾ ਰਣੌਤ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ? ਨਵੇਂ ਵਿਵਾਦ ਮਗਰੋਂ ਸਿਆਸੀ ਹਲਚਲ ਤੇਜ਼

ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਗਾਂਧੀ ਜਯੰਤੀ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਵਿਵਾਦਤ ਪੋਸਟ ਕੀਤੀ ਹੈ। ਇਸ ਪੋਸਟ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹਲਚਲ ਮੱਚ ਗਈ ਹੈ। ਦਰਅਸਲ, ਬੀਜੇਪੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਕੇ ਕਿਹਾ ਹੈ ਕਿ ਦੇਸ਼ ਦਾ ਪਿਤਾ ਨਹੀਂ ਲਾਲ ਹੁੰਦਾ ਹੈ। ਗਾਂਧੀ ਜਯੰਤੀ ‘ਤੇ ਕੀਤੀ ਗਈ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਪੋਸਟ ‘ਚ ਲਿਖਿਆ ਹੈ ਕਿ ‘ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।’ ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਾਈ ਹੈ।

ਇਸ ਪੋਸਟ ਰਾਹੀਂ ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਚੁਟਕੀ ਲਈ ਹੈ। ਹੁਣ ਭਾਜਪਾ ਨੇਤਾਵਾਂ ਨੇ ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Union Minister of State Ravneet Singh Bittu) ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਬਾਪੂ ਨੇ ਕਿਹਾ ਸੀ ਕਿ ਮਾੜੀ ਗੱਲ ਸੁਣੋ ਤਾਂ ਕੰਨ ਬੰਦ ਕਰ ਲਓ।

ਉਧਰ, ਹੁਣ ਭਾਜਪਾ ਆਗੂ ਇਸ ਦਾ ਸਿੱਧਾ ਵਿਰੋਧ ਕਰ ਰਹੇ ਹਨ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਣਾ ਦੇ ਇਹ ਵਿਚਾਰ ਨੱਥੂ ਰਾਮ ਗੋਡਸੇ ਦੇ ਹਨ, ਜਦਕਿ ਕਾਂਗਰਸੀ ਆਗੂ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਨੂੰ ਕੰਗਣਾ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਸੁਨੀਲ ਜਾਖੜ ਦੇ ਅਸਤੀਫੇ ਬਾਰੇ ਬੋਲੇ ਬਿੱਟੂ

ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਦੇ ਅਸਤੀਫੇ ਦੀ ਚਰਚਾ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਰਿਆਣਾ ਚੋਣਾਂ ਤੋਂ ਪਹਿਲਾਂ ਅਜਿਹਾ ਮਾਹੌਲ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਪਾਰਟੀ ਦੇ ਇੰਚਾਰਜ ਵਿਜੇ ਰੂਪਾਨੀ ਨੇ ਵੀ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੈ। ਹੁਣ ਇਸ ਤੋਂ ਉੱਪਰ ਕੀ ਹੋ ਸਕਦਾ ਹੈ?

ਕਾਂਗਰਸੀ ਆਗੂਆਂ ‘ਤੇ ਹਮਲਾ ਕਰਦਿਆਂ ਬਿੱਟੂ ਨੇ ਕਿਹਾ ਕਿ ਮੈਂ ਇਨ੍ਹਾਂ ਸਾਰੇ ਆਗੂਆਂ ਨੂੰ ਦੇਖਦਾ ਆ ਰਿਹਾ ਹਾਂ। ਸਾਰੇ ਉਨ੍ਹਾਂ ਦੇ ਚਰਨਾਂ ਵਿੱਚ ਮਿੰਨਤਾਂ ਕਰਦੇ ਸਨ ਤੇ ਪਿੱਛੇ-ਪਿੱਛੇ ਘੁੰਮਦੇ ਸਨ। ਅੱਜ ਉਹ ਉਨ੍ਹਾਂ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ। ਦੱਸ ਦੇਈਏ ਕਿ ਸੁਨੀਲ ਜਾਖੜ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਰਹੇ। ਹਾਲ ਹੀ ਵਿੱਚ ਉਹ ਪੰਜਾਬ ਭਾਜਪਾ ਦੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਦੇ ਚੋਣ ਪ੍ਰਚਾਰ ਤੋਂ ਵੀ ਦੂਰੀ ਬਣਾ ਰੱਖੀ ਹੈ।

Exit mobile version