The News Post Punjab

Punjab News: ਕੈਬਨਿਟ ‘ਚ ਫੇਰਬਦਲ ‘ਤੇ ਘਿਰੇ ਸੀਐਮ ਭਗਵੰਤ ਮਾਨ, ਵਿਰੋਧੀਆਂ ਨੇ ਉਠਾਏ ਗੰਭੀਰ ਸਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਕੈਬਨਿਟ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ। ਕੈਬਨਿਟ ਵਿੱਚ ਤਬਦੀਲੀ ਨੂੰ ਲੈ ਕੇ ਕਾਂਗਰਸੀ ਲੀਡਰ ਹੁਣ ਤਾਅਨੇ ਮਾਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਅਸਥਿਰ ਸਰਕਾਰ ਚੱਲ ਰਹੀ ਹੈ। ਢਾਈ ਸਾਲਾਂ ਵਿੱਚ ਚਾਰ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ। ਅਜਿਹੇ ‘ਚ 4 ਮਹੀਨਿਆਂ ‘ਚ ਹੀ ਕੋਈ ਕੁਝ ਕਿਵੇਂ ਕਰਦਾ? ‘ਆਪ’ ਵੱਲੋਂ ਸੀਨੀਅਰ ਆਗੂਆਂ ਨੂੰ ਪਾਸੇ ਕਰ ਦਿੱਤਾ ਗਿਆ ਹੈ।

ਉਧਰ, ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਰੇਤ ਦੀ ਖੁਦਾਈ ਤੋਂ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਾਵੇਗਾ। ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਇਸ ਵਿਭਾਗ ਦੇ 4 ਮੰਤਰੀਆਂ ਨੂੰ ਬਦਲਣਾ ਪਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਇੱਕ ਫੋਕਾ ਦਾਅਵਾ ਹੀ ਸੀ।

ਪਰਗਟ ਸਿੰਘ ਨੇ ਕਿਹਾ ਕਿ ਸਿਰਫ਼ ਢਾਈ ਸਾਲਾਂ ਵਿੱਚ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਚਾਰ ਮਾਈਨਿੰਗ ਮੰਤਰੀ ਬਣਾਏ ਤੇ ਹਟਾਏ। ਇਹ ਮਾਈਨਿੰਗ ਸੈਕਟਰ ਵਿੱਚ ਅਸਥਿਰਤਾ ਤੇ ਲੁੱਟ ਦਾ ਪਰਦਾਫਾਸ਼ ਕਰਦਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਕਮਾਉਣ ਦਾ ਦਾਅਵਾ ਸਿਰਫ਼ ਸਿਆਸੀ ਬਿਆਨਬਾਜ਼ੀ ਹੀ ਸਾਬਤ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਲਗਾਤਾਰ ਵਧ ਰਹੀ ਹੈ ਪਰ ਅਸਲ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਮੰਤਰੀਆਂ ਤੇ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਹੋ ਰਿਹਾ ਸੀ? ਕੀ ਉਹ ਬੇਵੱਸ ਸਨ ਜਾਂ ਮਿਲੀਭੁਗਤ ਸੀ? ਅਜੇ ਤੱਕ ਅਸੀਂ “ਵੱਡੇ ਮਾਈਨਿੰਗ ਮਾਫੀਆ” ਵਿਰੁੱਧ ਕੋਈ ਕਾਰਵਾਈ ਨਹੀਂ ਵੇਖੀ।

ਦੱਸ ਦਈਏ ਕਿ ਵਿਧਾਇਕ ਪਰਗਟ ਸਿੰਘ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵਿਧਾਨ ਸਭਾ ਸਮੇਤ ਕਈ ਥਾਵਾਂ ‘ਤੇ ਆਵਾਜ਼ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਮੇਰੇ ਹਲਕੇ ਜਲੰਧਰ ਛਾਉਣੀ ਵਿੱਚ ਕੋਈ ਦਰਿਆ ਨਹੀਂ ਵਗਦਾ, ਫਿਰ ਵੀ ਮੇਰੇ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ। ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।

Exit mobile version