Reporter (bablu) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਜੋ ਕੰਮ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਅਸੰਭਵ ਸਮਝੇ ਜਾਂਦੇ ਸਨ ,ਉਹਨਾਂ ਕੰਮਾਂ ਨੂੰ ਦੇਸ਼ ਹਿੱਤ ਲਈ ਪਹਿਲ ਦੇ ਅਧਾਰ ਤੇ ਮੋਦੀ ਨੇ ਕਰ ਵਿਖਾਇਆ।
ਉਹਨਾਂ ਕਿਹਾ ਕਿ ਮੋਦੀ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ ਉਹਨਾਂ ਨੇ ਦੇਸ਼ ਹਿੱਤ ਵਿੱਚ ਅਤੇ ਦੇਸ਼ ਵਾਸੀਆਂ ਦੇ ਕਲਿਆਣ ਲਈ ਅਨੇਕਾਂ ਕੰਮ ਕੀਤੇ ਹਨ । ਜੋ ਕੰਮ ਦਹਾਕਿਆਂ ਤੋਂ ਕੋਈ ਵੀ ਸਰਕਾਰ ਨਹੀਂ ਸੀ ਕਰ ਸਕੀ ਅਤੇ ਆਪਣੀਆਂ ਵੋਟਾਂ ਖੁਸਣ ਦੇ ਡਰ ਕਰਕੇ ਇਹਨਾਂ ਕੰਮਾਂ ਨੂੰ ਅਸੰਭਵ ਸਮਝਿਆ ਜਾ ਰਿਹਾ ਸੀ ਉਹ ਕੰਮ ਵੀ ਮੋਦੀ ਨੇ ਕਰਕੇ ਦੱਸ ਦਿੱਤਾ ਹੈ ਕਿ ਕੋਈ ਵੀ ਕੰਮ ਜੇਕਰ ਸਾਫ ਨੀਅਤ ਨਾਲ ਕਰਨਾ ਚਾਹੋ ਤਾਂ ਅਸੰਭਵ ਨਹੀਂ ਹੁੰਦਾ।
ਗਿੱਲ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਸਿਟੀਜਨ ਅਮੈਂਡਮੈਂਟ ਐਕਟ ਨੂੰ ਲਾਗੂ ਕੀਤਾ ਗਿਆ ਹੈ ਉਸ ਨੂੰ ਲਾਗੂ ਕਰਨ ਲਈ ਵੀ ਬਹੁਤ ਵੱਡੇ ਜਿਗਰੇ ਅਤੇ ਦ੍ਰਿੜ ਇੱਛਾ ਸ਼ਕਤੀ ਦੀ ਜਰੂਰਤ ਸੀ ਜੋ ਪਿਛਲੀਆਂ ਵਿਰੋਧੀ ਸਰਕਾਰਾਂ ਵੇਲੇ ਕਿਸੇ ਕੋਲ ਨਹੀਂ ਸੀ। ਸੀਏਏ ਕਾਨੂੰਨ ਲਾਗੂ ਹੋਣ ਨਾਲ ਦੇਸ਼ ਵਾਸੀਆਂ ਨੂੰ ਇਸਦੇ ਚੰਗੇ ਅਸਰ ਆਉਣ ਵਾਲੇ ਸਮੇਂ ਵਿੱਚ ਦਿਖਾਈ ਦੇਣਗੇ ਅਤੇ ਦੁਸ਼ਮਣਾਂ ਦੀ ਘੁਸਪੈਠ ਨੂੰ ਨੱਥ ਪਵੇਗੀ।
ਗਿੱਲ ਨੇ ਕਿਹਾ ਕਿ ਮੋਦੀ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਨੂੰ ਇੱਕ ਸੂਤਰ ਵਿੱਚ ਪ੍ਰੋ ਕੇ ਆਪਣੀ ਦ੍ਰਿੜ ਇੱਛਾ ਸ਼ਕਤੀ ਦਾ ਸਬੂਤ ਦਿੱਤਾ ਸੀ । ਭਾਵੇਂ ਕਿ ਇਸ ਕੰਮ ਲਈ ਮੋਦੀ ਨੂੰ ਵਿਰੋਧੀਆਂ ਸਮੇਤ ਹੋਰ ਵੀ ਕਈ ਕੱਟੜ ਪੰਥੀਆਂ ਦੀਆਂ ਧਮਕੀਆਂ ਅਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਤਿੰਨ ਤਲਾਕ ਵਰਗੇ ਅਹਿਮ ਮੁੱਦੇ ਨੂੰ ਵੀ ਮੋਦੀ ਨੇ ਬਿਨਾਂ ਵਿਰੋਧ ਤੋਂ ਹੀ ਇਸ ਤਰ੍ਹਾਂ ਹੱਲ ਕਰ ਦਿੱਤਾ ਕਿ ਮੁਸਲਮਾਨ ਔਰਤਾਂ ਵੀ ਮੋਦੀ ਦੇ ਗੁਣ ਗਾਉਣ ਲਈ ਮਜਬੂਰ ਹੋ ਗਈਆਂ।
ਉਹਨਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਜੋ ਕਈ ਦਹਾਕਿਆਂ ਤੋਂ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਹੱਲ ਨਹੀਂ ਕਰ ਪਾ ਰਹੇ ਸਨ ਉਹ ਮੋਦੀ ਨੇ ਬੜੇ ਹੀ ਸ਼ਾਂਤੀ ਪੂਰਵਕ ਢੰਗ ਨਾਲ ਬਿਨਾਂ ਖੂਨ ਖਰਾਬੇ ਤੋਂ ਹੱਲ ਕਰ ਵਿਖਾਇਆ ਅਤੇ ਅਯੋਧਿਆ ਵਿਖੇ ਇੱਕ ਵਿਸ਼ਾਲ ਤੇ ਬਹੁਤ ਹੀ ਖੂਬਸੂਰਤ ਰਾਮ ਮੰਦਰ ਦੀ ਉਸਾਰੀ ਕਰਕੇ ਸਾਰੇ ਸਨਾਤਨ ਪ੍ਰੇਮੀਆਂ ਨੂੰ ਤੋਹਫਾ ਦੇ ਕੇ ਦਰਸਾ ਦਿੱਤਾ ਕਿ ਉਹ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰਾਂ ਸਮਰੱਥ ਹਨ।
ਗਿੱਲ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਨਾਲ ਨਾਲ ਦੇਸ਼ ਨੂੰ ਆਲਮੀ ਪੱਧਰ ਤੇ ਨੰਬਰ ਇੱਕ ਬਣਾਉਣ ਲਈ ਤੀਸਰੀ ਵਾਰ ਮੋਦੀ ਸਰਕਾਰ ਦਾ ਆਉਣਾ ਬਹੁਤ ਜਰੂਰੀ ਹੈ ।