ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਸਿੱਧੂ ਬਾਰੇ ਐਕਸ ‘ਤੇ ਪੋਸਟ ਕੀਤਾ ਹੈ। ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਸਪੋਰਟਸ ਨੇ ਲਿਖਿਆ, ਮਹਾਨ ਨਵਜੋਤ ਸਿੰਘ ਸਿੱਧੂ ਸਾਡੀ ਸਟਾਰਕਾਸਟ ਨਾਲ ਜੁੜ ਗਏ ਹਨ। IPL-2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
ਇਸ ਵਿਚਾਲੇ ਨਵਜੋਤ ਸਿੱਧੂ ਲਗਾਤਾਰ ਲੋਕ ਸਭਾ ਚੋਣਾਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ, ਪਰ ਉਹ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆਉਣਗੇ। ਦੱਸ ਦਈਏ ਕਿ ਲੰਬੇ ਸਮੇਂ ਤੋਂ ਉਹ ਕ੍ਰਿਕਟ ਕਮੈਂਟਰੀ ਤੋਂ ਬਰੇਕ ਤੇ ਸੀ, ਹੁਣ ਫਿਰ ਤੋਂ ਉਹ ਕਮੈਂਟਰੀ ਸ਼ੁਰੂ ਕਰਨਗੇ।
ਜਾਣੋ ਲੋਕ ਸਭਾ ਚੋਣਾਂ ਤੋਂ ਕਿਉਂ ਕੀਤਾ ਇਨਕਾਰ ?
ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।
ਸਿੱਧੂ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਚੱਲ ਰਿਹਾ ਵਿਵਾਦ
ਇਸ ਵਿਚਾਲੇ ਇਹ ਖ਼ਬਰਾਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ ਕਿ ਸਿੱਧੂ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਇਹ ਵੀ ਅਫਵਾਹ ਸੀ ਕਿ ਉਹ ਦੁਬਾਰਾ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਅਫਵਾਹਾਂ ‘ਤੇ ਸਿੱਧੂ ਦੀ ਟੀਮ ਨੇ ਕਿਹਾ ਕਿ ਉਹ ਕਾਂਗਰਸ ਅਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
