ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਹੈ ਕਿ ਸ਼ਨੀਵਾਰ ਨੂੰ ਬਾਕੀ ਰਹਿੰਦੇ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਆ ਜਾਵੇਗੀ। ਬਾਜਵਾ ਨੇ ਕਿਹਾ ਕਿ ਅਸੀਂ ਲੁਧਿਆਣਾ ਤੋਂ ਕੋਈ ਮਜ਼ਬੂਤ ਉਮੀਦਵਾਰ ਐਲਾਨ ਕਰਨ ਜਾ ਰਹੇ ਹਾਂ ਜੋ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੂੰ ਸਖ਼ਤ ਟੱਕਰ ਦੇਵੇਗਾ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਬਿੱਟੂ ਨੂੰ ਫਿਰ ਪਤਾ ਲੱਗੇਗਾ ਕਿ ਪਾਰਟੀ ਨੂੰ ਕਿਵੇਂ ਧੋਖਾ ਦੇਣਾ ਹੈ। ਦਰਅਸਲ ਕਾਂਗਰਸ ਦੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬੀਜੇਪੀ ਨੇ ਉਹਨਾਂ ਨੂੰ ਲੁਧਿਆਣਾ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ।
ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਲੁਧਿਆਣਾ ਸੀਟ ਦੇ ਲਈ ਕਾਂਗਰਸ ਕੋਈ ਮਜ਼ਬੂਤ ਉਮੀਦਵਾਰ ਲੱਭ ਰਹੀ ਹੈ। ਇਸ ਤੋਂ ਪਹਿਲਾਂ ਗੱਲ ਚੱਲੀ ਸੀ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਲੁਧਿਆਣਾ ਤੋਂ ਕਾਂਗਰਸ ਲਈ ਚੋਣ ਲੜ ਸਕਦੇ ਹਨ। ਪਰ ਅੰਦਰ ਖਾਤੇ ਕਾਂਗਰਸ ਵਿੱਚ ਪਾੜ ਪੈ ਜਾਣਾ ਸੀ ਜਿਸ ਕਰਕੇ ਇਹ ਗੱਲ ਸਿਰੇ ਨਹੀਂ ਚੜ੍ਹੀ।
ਸੂਤਰਾਂ ਨੇ ਦੱਸਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ ਗੁਪਤ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਸਿਮਰਨਜੀਤ ਬੈਂਸ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਆਸ਼ੂ ਦੇ ਚੋਣ ਮੈਦਾਨ ਵਿੱਚ ਆਉਣ ਤੋਂ ਬਾਅਦ ਹੀ ਹੋ ਸਕਦਾ ਹੈ।
ਕਾਂਗਰਸ ਵੱਲੋਂ ਪੰਜਾਬ ਦੇ 6 ਉਮੀਦਵਾਰਾਂ ਪਹਿਲੀ ਸੂਚੀ ਵਿੱਚ ਐਲਾਨੇ ਸਨ। ਜਿਸ ਵਿੱਚ ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਪਾਰਟੀ ਉਮੀਦਵਾਰ ਐਲਾਨੇ ਗਏ ਹਨI