ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਦੋਸ਼ੀ ਕੇਜਰੀਵਾਲ ਦੇ ਪੱਖ ਵਿੱਚ ਖਟਕੜ ਕਲਾਂ ਵਿਖੇ ਭੁੱਖ ਹੜਤਾਲ ਕਰਨਾ ਗੈਰ ਵਾਜਿਬ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੰਤਰ-ਮੰਤਰ ਦੀ ਪੈਦਾਇਸ਼ ਹੈ ਅਤੇ ਇਸ ਨੂੰ ਆਪਣੇ ਆਕਾ ਦੇ ਪੱਖ ਵਿੱਚ ਧਰਨਾ ਵੀ ਯੰਤਰ ਮੰਤਰ ਤੇ ਲਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹਨ ਜਦਕਿ ਕੇਜਰੀਵਾਲ ਨੌਜਵਾਨਾਂ ਨੂੰ ਇੱਕ ਬੋਤਲ ਨਾਲ ਇੱਕ ਬੋਤਲ ਮੁਫ਼ਤ ਦੇਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨੂੰ ਖਟਕੜ ਕਲਾਂ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਆਪ ਦਾ ਧਰਨਿਆਂ ਨਾਲ ਗਹਿਰਾ ਰਿਸ਼ਤਾ ਹੈ, ਪਰ ਧਰਨਾ ਲਾਉਣਾ ਹੀ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਕੇਜਰੀਵਾਲ ਸ਼ਰਾਬ ਮਾਫੀਆ ਦੇ ਕੇਸ ਵਿੱਚ ਜੇਲ ਗਏ ਸਨ ਅਤੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਆਗੂ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨੀ ਲੜਾਈ ਲੜਨ ਨਾ ਕਿ ਪੰਜਾਬ ਨੂੰ ਦਿੱਲੀ ਵਾਂਗ ਧਰਨਿਆਂ ਦੀ ਰਾਜਧਾਨੀ ਨਾ ਬਣਾਉਣ।