ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਗਿੱਦੜਬਾਹਾ ਦੇ ਡੇਰਾ ਬਾਬਾ ਧਿਆਨ ਦਾਸ ਦੋਦਾ ਵਿੱਚ ਹੋਈ। ਇਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੇ ਕਿਸਾਨਾਂ ਵੱਲੋਂ 15 ਅਗਸਤ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖ਼ਿਲਾਫ਼ ਸੂਬੇ ਭਰ ਵਿਚ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਟਰੈਕਟਰ ਮਾਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਹੱਕ ਕੁਚਲਣ ਵਾਲੇ ਹਰਿਆਣਾ ਪੁਲੀਸ ਦੇ ਛੇ ਅਧਿਕਾਰੀਆਂ ਦੇ ਨਾਮ ਰਾਸ਼ਟਰਪਤੀ ਐਵਾਰਡ ਲਈ ਚੁਣੇ ਜਾਣ ਦਾ ਉਹ ਭਾਰੀ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਰੋਸ ਮਾਰਚ ਵਾਲੇ ਦਿਨ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ।
ਵਿਰੋਧੀ ਧਿਰ ਦੇ ਆਗੂਆਂ ਨਾਲ ਮਿਲਣੀ ਸਬੰਧੀ ਡੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਪਹਿਲਾਂ ਮੰਗ ਪੱਤਰ ਦਿੱਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਕਿਸਾਨਾਂ ਲਈ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਅਤੇ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸਰਕਾਰ ‘ਤੇ ਜ਼ੋਰ ਪਾਉਣ ਤੇ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਧਾਰਾ 193 ਤਹਿਤ ਬਹਿਸ ਕਰਵਾਉਣ ਦੀ ਮੰਗ ਕਰਨ।
ਇਸ ਤੋਂ ਇਲਾਵਾ ਇਥੇ ਪਿੰਡ ਦੋਦਾ, ਰੁਖਾਲਾ, ਸਮਾਗ, ਸੁਖਨਾ ਅਬਲੂ ਅਤੇ ਖੋਖਰ ਆਦਿ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਮਾਲਵਾ ਨਹਿਰ ਦੇ ਪ੍ਰਾਜੈਕਟ ਦਾ ਨਿਰੀਖਣ ਕੀਤਾ ਹੈ, ਇਸ ‘ਤੇ ਸਰਕਾਰ ਨੂੰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਨਹਿਰ ਦੀ ਥਾਂ ਸਰਹਿੰਦ ਨਹਿਰ ਵਿਚ ਪਾਣੀ ਵੱਧ ਛੱਡਿਆ ਜਾਵੇ।