ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਪੰਜਾਬ ਦੇ ਬਰਨਾਲਾ ਵਿੱਚ ਗੈਂਗਸਟਰ ਰਹੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਉਂਟਰ ਕਰ ਦਿੱਤਾ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ। ਉਹ ਕਾਲਾ ਮਾਨ ਗੈਂਗ ਚਲਾਉਂਦਾ ਸੀ। ਕਾਲਾ ਮਾਨ ਗੈਂਗ ਮਾਲਵਾ ਇਲਾਕੇ ਵਿੱਚ ਕਾਫੀ ਐਕਟਿਵ ਸੀ। ਇਸ ਗੈਂਗ ਨੇ ਸਭ ਤੋਂ ਵੱਧ ਵਾਰਦਾਤਾਂ ਬਰਨਾਲਾ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਰਾਮਪੁਰ ਫੂਲ ਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਕੀਤੀਆਂ ਹਨ।
ਕਾਲਾ ਧਨੌਲਾ ‘ਤੇ 64 ਤੋਂ ਵੱਧ ਕੇਸ ਦਰਜ
ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਗੈਂਗਸਟਰ ਕਾਲਾ ਧਨੌਲਾ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਮੰਗਣ, ਅਗਵਾ, ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 64 ਕੇਸ ਦਰਜ ਹਨ। ਪੰਜਾਬ ਦੇ ਟੌਪ ਮੋਸਟ ਵਾਂਟਿੰਡ ਗੈਂਗਸਟਰਾਂ ਦੀ ਸੂਚੀ ਵਿੱਚ ਕਾਲਾ ਧਨੌਲਾ ਦਾ ਨਾਂ ਵੀ ਸ਼ਾਮਲ ਸੀ। ਕਾਲਾ ਧਨੌਲਾ ਨੂੰ ਐਨਕਾਊਂਟਰ ਵਿੱਚ ਮਾਰਨਾ ਪੰਜਾਬ ਪੁਲਿਸ ਆਪਣੀ ਵੱਡੀ ਕਾਮਯਾਬੀ ਦੱਸ ਰਹੀ ਹੈ।
ਅਕਾਲੀ ਦਲ ‘ਚ ਰਿਹਾ ਐਕਟਿਵ
ਕਾਲਾ ਧਨੌਲਾ ਸਿਆਸਤ ਵਿੱਚ ਵੀ ਸਰਗਰਮ ਸੀ। ਉਸ ਦੀ ਮਾਤਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬਰਨਾਲਾ ਦੀ ਧਨੌਲਾ ਨਗਰ ਕੌਂਸਲ ਦੀ ਪ੍ਰਧਾਨ ਸੀ। ਆਪਣੀ ਮਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਲਾ ਧਨੌਲਾ ਨੇ ਵੀ ਸਿਆਸਤ ਵਿੱਚ ਪੈਰ ਧਰਿਆ। ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਮਾਲਵਾ ਖੇਤਰ ਵਿੱਚ ਅਕਾਲੀ ਦਲ ਦਾ ਕਾਫੀ ਪ੍ਰਭਾਵ ਸੀ।
ਦੱਸਿਆ ਜਾਂਦਾ ਹੈ ਕਿ ਜਦੋਂ ਵੀ ਅਕਾਲੀ ਦਲ ਦੀ ਕੋਈ ਰੈਲੀ ਹੁੰਦੀ ਸੀ ਤਾਂ ਕਾਲਾ ਧਨੌਲਾ ਉੱਥੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਪਹੁੰਚਦਾ ਸੀ। ਉਹ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੀ ਕਾਫੀ ਨੇੜੇ ਸਨ। ਆਪਣੀ ਮਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਵੀ 22 ਜੂਨ 2014 ਨੂੰ ਉਪ ਪ੍ਰਧਾਨ ਬਣ ਗਿਆ। ਇਸ ਦੌਰਾਨ ਹੀ ਧਨੌਲਾ ਵਿੱਚ ਕੌਂਸਲਰਾਂ ਨੇ ਬੇਭਰੋਸਗੀ ਮਤਾ ਲਿਆ ਕੇ ਕਾਲਾ ਧਨੌਲਾ ਦੀ ਮਾਤਾ ਤੇ ਉਸ ਨੂੰ ਅਹੁਦਿਆਂ ਤੋਂ ਹਟਾ ਦਿੱਤਾ। ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਲਾ ਨੇ ਕਈ ਕੌਂਸਲਰਾਂ ‘ਤੇ ਹਮਲੇ ਵੀ ਕੀਤੇ।
ਦੱਸ ਦਈਏ ਕਿ 23 ਫਰਵਰੀ 2012 ਨੂੰ ਸ਼ੇਰਪੁਰ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਲੱਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੱਕੀ ਨੂੰ ਕਾਲਾ ਧਨੌਲਾ ਨੇ ਖੁਦ ਗੋਲੀ ਮਾਰੀ ਸੀ। ਨਵੰਬਰ 2015 ਵਿੱਚ ਅਦਾਲਤ ਨੇ ਕਾਲਾ ਧਨੌਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਧਨੌਲਾ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਹ ਵਾਪਸ ਨਹੀਂ ਗਿਆ।
ਕਾਲਾ ਧਨੌਲਾ ਨੂੰ ਸਭ ਤੋਂ ਪਹਿਲਾਂ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਫੜਿਆ ਸੀ। ਇਸ ਤੋਂ ਬਾਅਦ ਉਸ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਅੰਦਰ ਉਸ ਦੇ ਵਿਰੋਧੀਆਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਕਾਲਾ ਧਨੌਲਾ ਰਘਵਿੰਦਰ ਸਿੰਘ ਰਿੰਕੀ ਗਰੁੱਪ ਦੇ ਐਂਟੀ ਸੀ। ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚੀ ਸੀ। ਇਸ ਤੋਂ ਬਾਅਦ ਕਾਲਾ ਧਨੌਲਾ ਨੇ ਰਿੰਕੀ ਗਰੁੱਪ ਦੇ ਕਈ ਸਾਥੀਆਂ ‘ਤੇ ਜਾਨਲੇਵਾ ਹਮਲੇ ਕੀਤੇ।
