The News Post Punjab

Jalandhar Result: ਜਿੱਤ ਤੋਂ ਬਾਅਦ CM ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ,ਕਿਹਾ- ਵੈਸਟ ਨੂੰ ਅਸੀਂ ਬਣਾਵਾਂਗੇ ਬੈਸਟ

ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। ‘ਆਪ’ ਉਮੀਦਵਾਰ ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਕੀਤਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ, ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ… ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ…ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ…ਮੋਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ…

 

ਲੋਕ ਸਭਾ ਚੋਣਾਂ 2024 ‘ਚ ਇਸ ਸੀਟ ‘ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ‘ਤੇ ਰਹੀ ਸੀ। ਭਾਜਪਾ ਦੂਜੇ ਸਥਾਨ ‘ਤੇ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ ‘ਤੇ ਰਹੀ। ਇਸ ਉਪ ਚੋਣ ਵਿੱਚ ਸਥਿਤੀ ਪੂਰੀ ਤਰ੍ਹਾਂ ਉਲਟ ਹੈ। ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਰਹੀ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਹੈ।

ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਉਮੀਦਵਾਰ ਮਹਿੰਦਰ ਭਗਤ ਨੇ ਕਿਹਾ ਕਿ ਮੈਂ ਜਲੰਧਰ ਪੱਛਮੀ ਦੇ ਲੋਕਾਂ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਮੇਰੇ ‘ਤੇ ਭਰੋਸਾ ਕੀਤਾ। ਮੈਂ ਆਪਣੇ ਵਾਅਦੇ ਪੂਰੇ ਕਰਾਂਗਾ। ਮੇਰਾ ਪਰਿਵਾਰ ਜਨਤਾ ਦੀ ਸੇਵਾ ਕਰਦਾ ਰਿਹਾ ਹੈ। ਮੈਂ ਵੀ ਜਨਤਾ ਵਿੱਚ ਰਹਾਂਗਾ।

10 ਜੁਲਾਈ ਨੂੰ ਹੋਈ ਵੋਟਿੰਗ ‘ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।

Exit mobile version