ਅਮਰੀਕਾ ਵਿੱਚ ਗੈਰ-ਕਾਨੂੰਨੀ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਸਰਕਾਰ ਉਨ੍ਹਾਂ ਦੀ ਬਾਂਹ ਨਹੀਂ ਫੜੇਗੀ। ਇਸ ਲਈ ਹੁਣ ਤੈਅ ਹੈ ਕਿ 18 ਹਜ਼ਾਰ ਭਾਰਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਵੇਗਾ। ਅਮਰੀਕਾ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਤਿਆਰ ਹਾਂ। ਵਿਦੇਸ਼ ਮੰਤਰੀ ਨੇ ਇਸ ਮੁੱਦੇ ‘ਤੇ ਭਾਰਤ ਦੇ ਸਟੈਂਡ ਨੂੰ ਇਕਸਾਰ ਤੇ ਸਿਧਾਂਤਕ ਦੱਸਿਆ। ਜੈਸ਼ੰਕਰ ਨੇ ਇਸ ਸਬੰਧੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਜਾਣਕਾਰੀ ਵਾਸ਼ਿੰਗਟਨ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ, ਸਾਡਾ ਮੰਨਣਾ ਹੈ ਕਿ ਜੇਕਰ ਸਾਡੇ ਨਾਗਰਿਕ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ ਤੇ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਉਹ ਸਾਡੇ ਨਾਗਰਿਕ ਹਨ ਤਾਂ ਅਸੀਂ ਉਨ੍ਹਾਂ ਦੀ ਵਾਪਸੀ ਲਈ ਹਮੇਸ਼ਾ ਤਿਆਰ ਹਾਂ। ਉਨ੍ਹਾਂ ਕਿਹਾ ਕਿ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦਾ ਸਖ਼ਤ ਵਿਰੋਧ ਕਰਦਾ ਹੈ। ਇਹ ਦੇਸ਼ਾਂ ਦੇ ਅਕਸ ਲਈ ਚੰਗਾ ਨਹੀਂ ਕਿਉਂਕਿ ਇਹ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ।
ਦੱਸ ਦਈਏ ਕਿ ਭਾਰਤ ਵੱਲੋਂ ਆਪਣਾ ਸਟੈਂਡ ਸਪਸ਼ਟ ਕਰਨ ਮਗਰੋਂ ਹੁਣ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 18 ਹਜ਼ਾਰ ਭਾਰਤੀ ਆਪਣੇ ਦੇਸ਼ ਵਾਪਸ ਪਰਤਣਗੇ। ਅਮਰੀਕੀ ਵੈੱਬਸਾਈਟ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਉਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਨਹੀਂ ਹੈ। ਉਨ੍ਹਾਂ ਕੋਲ ਉੱਥੇ ਨਾਗਰਿਕਤਾ ਪ੍ਰਾਪਤ ਕਰਨ ਲਈ ਢੁਕਵੇਂ ਦਸਤਾਵੇਜ਼ ਵੀ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਅਮਰੀਕਾ ਛੱਡਣਾ ਹੀ ਪਵੇਗਾ।
ਦਰਅਸਲ ਪਿਛਲੇ ਮਹੀਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਵਾਲੀ ਸਰਕਾਰੀ ਏਜੰਸੀ (ICE) ਨੇ ਲਗਪਗ 15 ਲੱਖ ਲੋਕਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਇਸ ਸੂਚੀ ਵਿੱਚ 18 ਹਜ਼ਾਰ ਭਾਰਤੀ ਸ਼ਾਮਲ ਹਨ। ਅਮਰੀਕੀ ਸਰਕਾਰ ਦੇ ਅੰਕੜਿਆਂ ਅਨੁਸਾਰ 2023 ਵਿੱਚ 3,86,000 ਲੋਕਾਂ ਨੂੰ H-1B ਵੀਜ਼ਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਲਗਭਗ ਤਿੰਨ-ਚੌਥਾਈ ਭਾਰਤੀ ਨਾਗਰਿਕ ਹਨ।