The News Post Punjab

Hola Mohalla 2024: ਹੋਲੇ ਮਹੱਲੇ ‘ਤੇ ਜਾਣ ਵਾਲਿਆਂ ਨੂੰ ਮੋਟਰਸਾਈਕਲ ਤੇ ਟਰੈਕਟਰਾਂ ‘ਤੇ ਸਟੰਟਬਾਜ਼ੀ ਨਾ ਕਰਨ ਦਾ ਆਦੇਸ਼

ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਛੇ ਰੋਜ਼ਾ ਕੌਮੀ ਤਿਓਹਾਰ ਹੋਲੇ ਮਹੱਲੇ ਦਾ ਪਹਿਲਾ ਪੜਾਅ ਅੱਜ ਸ਼੍ਰੀ(21 ਮਾਰਚ) ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਆਰੰਭ ਹੋ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਜਿਸ ਦੇ ਭੋਗ 23 ਮਾਰਚ ਨੂੰ ਸਵੇਰੇ 9 ਵਜੇ ਪਾਏ ਜਾਣਗੇ।

ਜਥੇਦਾਰ ਨੇ ਨੌਜਵਾਨਾਂ ਨੂੰ ਕੀਤਾ ਖ਼ਾਸ ਅਪੀਲ

ਇਸ ਮੌਕੇ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜਿੱਥੇ ਉਨ੍ਹਾਂ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਆਰੰਭਤਾ ਦੀ ਸੰਗਤਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਨਾਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕੀਤੀ ਕਿ ਉਹ ਮੋਟਰਸਾਈਕਲ ਅਤੇ ਟਰੈਕਟਰਾਂ ਤੇ ਸਟੰਟਬਾਜ਼ੀ ਨਾ ਕਰਨ ਤੇ ਸ਼ਰਧਾ ਸਤਿਕਾਰ ਸਹਿਤ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਖੇ ਪਹੁੰਚਣ।

ਨੌਜਵਾਨ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ

ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਬੀਤੇ ਕੱਲ ਹਿਮਾਚਲ ਪ੍ਰਦੇਸ਼ ਤੋਂ ਅਨੰਦਪੁਰ ਸਾਹਿਬ ਵਿਖੇ ਆ ਰਹੇ ਇੱਕ ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਟਰੈਕਟਰ ਦੇ ਪਲਟ ਜਾਣ ਤੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਤੇ ਗਹਿਰੇ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਹੈ।

ਮਾੜੇ ਪ੍ਰਬੰਧਾਂ ਲਈ ਸਰਕਾਰ ਨੂੰ ਕੋਸਿਆ

ਜ਼ਿਕਰ ਕਰ ਦਈਏ ਕਿ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿੱਥੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਹੋਲੇ ਮਹੱਲੇ ਦੇ ਮੌਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਨਾ ਮਾਤਰ ਦੱਸਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਪਿਛਲੀਆਂ 70 ਸਾਲ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਕੋਈ ਵਿਕਾਸ ਨਹੀਂ ਕਰਵਾਇਆ।ਉਨ੍ਹਾਂ ਕਿਹਾ ਕਿ ਜਿਹੜੀ ਵੀ ਸੰਗਤ ਦੁਆਬਾ ਮਾਝਾ ਤੋਂ ਆਵੇਗੀ ਉਨ੍ਹਾਂ ਦੇ ਪ੍ਰਵੇਸ਼ ਦੁਆਰ ਗੜ੍ਹਸ਼ੰਕਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿਸ ਸੜਕ ਦੀ ਬਹੁਤ ਹੀ ਜ਼ਿਆਦਾ ਖਸਤਾ ਹਾਲ ਸੀ ਉਸ ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ ਬਣਵਾ ਰਹੇ ਹਨ ਪਰ ਇਸ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ।

Exit mobile version