Haryana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਬੀਜੇਪੀ ਨੂੰ ਝਟਕਾ! ਜੇਜੇਪੀ ਨੇ ਤੋੜਿਆ ਗੱਠਜੋੜ, ਖੱਟਰ ਦੇ ਸਕਦੇ ਅਸਤੀਫਾ ਜੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੀਜੇਪੀ ਤੇ ਜੇਜੇਪੀ ਦਾ ਗੱਠਜੋੜ ਟੁੱਟ ਰਿਹਾ ਹੈ। ਸੂਤਰਾਂ ਮੁਤਾਬਕ ਜੇਜੇਪੀ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਬੱਸ ਹੁਣ ਸਿਰਫ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦਾ ਕਾਰਨ ਲੋਕ ਸਭਾ ਸੀਟਾਂ ‘ਤੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਉਧਰ, ਪੂਰੇ ਸਿਆਸੀ ਉਥਲ-ਪੁਥਲ ਦੇ ਵਿਚਕਾਰ ਹਰਿਆਣਾ ਰਾਜ ਭਵਨ ਵਿੱਚ ਵੀ ਅਲਰਟ ਹੈ। ਇੱਥੇ ਇੱਕ ਹਜ਼ਾਰ ਲੋਕਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਜੇਜੇਪੀ ਹਰਿਆਣਾ ਵਿੱਚ 1-2 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ ‘ਤੇ ਚੋਣ ਲੜਨ ਦੇ ਹੱਕ ਵਿੱਚ ਹਨ। ਜੇਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਕੁਝ ਸਮੇਂ ਬਾਅਦ ਹੀ ਸੀਐਮ ਮਨੋਹਰ ਲਾਲ ਖੱਟਰ ਨੇ ਰਾਤ ਨੂੰ ਅਚਾਨਕ ਐਮਰਜੈਂਸੀ ਮੀਟਿੰਗ ਬੁਲਾ ਲਈ।
ਇਸ ਵਿੱਚ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਸਰਕਾਰ ਦਾ ਸਮਰਥਨ ਕਰ ਰਹੇ ਆਜ਼ਾਦ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ। ਰਾਤ ਨੂੰ ਹੋਈ ਚਰਚਾ ਤੋਂ ਬਾਅਦ ਮੁੱਖ ਮੰਤਰੀ ਨੇ ਮੰਗਲਵਾਰ ਸਵੇਰੇ 11 ਵਜੇ ਮੁੜ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ।
ਇਸ ਦੌਰਾਨ ਅਚਾਨਕ ਜੇਜੇਪੀ ਨੇ ਵੀ ਅਹਿਮ ਮੀਟਿੰਗ ਬੁਲਾਈ ਹੈ। ਕੌਮੀ ਪ੍ਰਧਾਨ ਅਜੈ ਚੌਟਾਲਾ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਿਧਾਇਕਾਂ ਨਾਲ ਮੌਜੂਦਾ ਸਥਿਤੀ ਬਾਰੇ ਚਰਚਾ ਕਰਨਗੇ। ਸੂਤਰਾਂ ਮੁਤਾਬਕ ਹਰਿਆਣਾ ‘ਚ ਭਾਜਪਾ ਦੇ ਹਮਲਾਵਰ ਰੁਖ ਨੂੰ ਦੇਖਦੇ ਹੋਏ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਦਿੱਲੀ ‘ਚ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਸਮਾਂ ਮੰਗਿਆ ਹੈ।
ਕੀ ਟੁੱਟ ਜਾਏਗੀ ਖੱਟਰ ਸਰਕਾਰ?
ਦੱਸ ਦਈਏ ਕਿ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ 41 ਭਾਜਪਾ, 30 ਕਾਂਗਰਸ, 10 ਜੇਜੇਪੀ, 1 ਇਨੈਲੋ, 1 ਐਚਐਲਪੀ ਤੇ 7 ਆਜ਼ਾਦ ਸ਼ਾਮਲ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਇਸ ਵੇਲੇ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਵਿੱਚ 41 ਭਾਜਪਾ ਮੈਂਬਰ, 10 ਜੇਜੇਪੀ ਮੈਂਬਰ ਤੇ ਇੱਕ ਆਜ਼ਾਦ ਰਣਜੀਤ ਚੌਟਾਲਾ ਸ਼ਾਮਲ ਹਨ।
ਜੇਕਰ ਜੇਜੇਪੀ ਗਠਜੋੜ ਤੋੜਦੀ ਹੈ ਤਾਂ ਭਾਜਪਾ ਕੋਲ 41 ਆਪਣੇ 7 ਆਜ਼ਾਦ ਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੋਏਗਾ। ਅਜਿਹੇ ‘ਚ ਭਾਜਪਾ ਕੋਲ ਬਹੁਮਤ ਦੇ 46 ਦੇ ਅੰਕੜੇ ਤੋਂ 3 ਜ਼ਿਆਦਾ ਸੀਟਾਂ ਹੋਣਗੀਆਂ। ਇਸ ਲਈ ਸਰਕਾਰ ਡਿੱਗਣ ਦਾ ਖਤਰਾ ਨਹੀਂ ਹੈ।
ਦੱਸ ਦਈਏ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਨੇ ਇਸ ਬਾਰੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਪਹਿਲਾਂ ਉਹ ਹਰ ਵਾਰ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਸਨ। ਚੌਟਾਲਾ-ਨੱਡਾ ਮੁਲਾਕਾਤ ਤੋਂ ਬਾਅਦ ਗਠਜੋੜ ਨੂੰ ਲੈ ਕੇ ਭਾਜਪਾ ਦੇ ਕਿਸੇ ਵੀ ਨੇਤਾ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। ਇਸ ਸਬੰਧੀ ਪਾਰਟੀ ਦੇ ਕੁਝ ਆਗੂ ਵੀ ਭੰਬਲਭੂਸੇ ਵਿੱਚ ਹਨ।