The News Post Punjab

Farmers Protest: ਕਿਸਾਨ ਅੱਜ ਤੋੜਨਗੇ ਬਾਰਡਰਾਂ ‘ਤੇ ਰੋਕਾਂ, ਹਰ ਹਾਲਤ ਵਿੱਚ ਦਿੱਲੀ ਜਾਣ ਦਾ ਐਲਾਨ

ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਰਹੇ ਹਨ। ਮੰਗਲਵਾਰ ਨੂੰ ਤਿੱਖੇ ਟਕਰਾਅ ਮਗਰੋਂ ਕਿਸਾਨਾਂ ਨੇ ਰਾਤ ਹਰਿਆਣਾ ਦੀਆਂ ਹੱਦਾਂ ਉੱਪਰ ਹੀ ਬਿਤਾਈ। ਅੱਜ ਸਵੇਰੇ ਲੰਗਰ-ਪਾਣੀ ਛਕ ਕੇ ਕਿਸਾਨ ਮੁੜ ਰੋਕਾਂ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਸ਼ੰਭੂ ਤੇ ਖਨੌਰੀ ਸਰਹੱਦ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹਨ। ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਹਰ ਹਾਲਤ ਵਿੱਚ ਦਿੱਲੀ ਜਾਣਗੇ।

ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਦੀ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ (13 ਫਰਵਰੀ) ਨੂੰ ਕਿਸਾਨ ਸਵੇਰੇ 10 ਵਜੇ ਪੰਜਾਬ ਤੋਂ ਹਰਿਆਣਾ ਲਈ ਰਵਾਨਾ ਹੋਏ। ਦੁਪਹਿਰ ਕਰੀਬ 12 ਵਜੇ ਕਿਸਾਨ ਇਕੱਠੇ ਹੋ ਕੇ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਤੇ ਡੱਬਵਾਲੀ ਬਾਰਡਰ ‘ਤੇ ਪਹੁੰਚੇ।

ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ ‘ਤੇ ਪਹੁੰਚੇ ਹਨ। ਜਿਵੇਂ ਹੀ ਕਿਸਾਨ ਇੱਥੇ ਪੁੱਜੇ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ। ਮਸ਼ੀਨ ਦੀ ਰੇਂਜ ਘੱਟ ਹੋਣ ‘ਤੇ ਡ੍ਰੋਨ ਰਾਹੀਂ ਅੱਥਰੂ ਗੈਸ ਛੱਡੀ ਗਈ। ਕਿਸਾਨਾਂ ਨੇ ਇੱਥੇ ਸੜਕ ਦੇ ਵਿਚਕਾਰ ਪਈਆਂ ਸੀਮਿੰਟ ਦੀਆਂ ਸਲੈਬਾਂ ਨੂੰ ਟਰੈਕਟਰਾਂ ਨਾਲ ਹਟਾ ਦਿੱਤਾ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਅੰਬਾਲਾ ਪੁਲੀਸ ਦੇ ਡੀਐਸਪੀ ਸਮੇਤ 5 ਪੁਲਿਸ ਮੁਲਾਜ਼ਮ ਤੇ ਕਈ ਕਿਸਾਨ ਵੀ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਇੱਥੇ ਘੱਗਰ ਪੁਲ ਦੇ ਕੰਢੇ ਲਾਏ ਸੁਰੱਖਿਆ ਬੈਰੀਅਰ ਤੋੜ ਦਿੱਤੇ।

ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ 13 ਫਰਵਰੀ ਨੂੰ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਕਿਸਾਨਾਂ ਨਾਲ ਹੋਈ ਝੜਪ ‘ਚ ਡੀਐਸਪੀ ਸਮੇਤ ਹਰਿਆਣਾ ਪੁਲਿਸ ਦੇ 10 ਜਵਾਨ ਜ਼ਖ਼ਮੀ ਹੋ ਗਏ। ਉਸ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਪੁੱਜੇ।

Exit mobile version