ਕਿਸਾਨ ਅੰਦੋਲਨ ਮੁੜ ਮੱਘਦਾ ਦਿਖਾਈ ਦੇ ਰਿਹਾ ਹੈ। ਮਰਨ ਵਰਤ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਰਾਤੋ-ਰਾਤ ਚੁੱਕਣ ਮਗਰੋਂ ਕਿਸਾਨਾਂ ਅੰਦਰ ਰੋਹ ਵਧ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਇਸ ਐਕਸ਼ਨ ਦੇ ਗੰਭੀਰ ਨਤੀਜੇ ਨਿਕਣਲਗੇ। ਕੇਂਦਰ ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਈ ਹੈ।
ਕਿਸਾਨ ਲੀਡਰ ਅਭਿਮਨਿਊ ਕੋਹਾੜ ਨੇ ਦੋਸ਼ ਲਾਇਆ ਕਿ ਪੁਲਿਸ ਡੱਲੇਵਾਲ ਨੂੰ ਸਿਰਫ ਕੁੜਤੇ ਵਿੱਚ ਹੀ ਚੁੱਕ ਕੇ ਲੈ ਗਈ ਹੈ। ਇੰਨੀ ਠੰਢ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਜਾਮਾ ਤੇ ਗਰਮ ਕੱਪੜੇ ਪਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਐਕਸ਼ਨ ਵੇਲੇ ਡੱਲੇਵਾਲ ਨਾਲ ਮੌਜੂਦ ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਕਹਿਣਾ ਹੈ ਕਿ ਜਦੋਂ ਡੱਲੇਵਾਲ ਰਾਤ ਨੂੰ ਆਰਾਮ ਕਰ ਰਹੇ ਸੀ ਤਾਂ ਦੋਵਾਂ ਪਾਸਿਆਂ ਤੋਂ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਡੱਲੇਵਾਲ ਨੂੰ ਚੁੱਕਿਆ ਗਿਆ ਤਾਂ ਉਨ੍ਹਾਂ ਨੇ ਕੁੜਤਾ ਤੇ ਕਛਹਿਰਾ ਹੀ ਪਾਇਆ ਹੋਇਆ ਸੀ। 68 ਸਾਲਾ ਡੱਲੇਵਾਲ ਨੂੰ ਠੰਢ ਹੋਣ ਦੇ ਬਾਵਜੂਦ ਨਾ ਤਾਂ ਪਜਾਮਾ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਗਰਮ ਕੱਪੜੇ।
ਕੋਹਾੜ ਨੇ ਕਿਹਾ ਕਿ ਮਰਨ ਵਰਤ ਤਾਂ ਜ਼ਰੂਰ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਜਗਜੀਤ ਡੱਲੇਵਾਲ ਨੂੰ ਕੁਝ ਹੋਇਆ ਤਾਂ ਅਗਲਾ ਕਿਸਾਨ ਆਗੂ ਮਰਨ ਵਰਤ ‘ਤੇ ਬੈਠੇਗਾ। ਹੁਣ ਜੇਕਰ ਇੱਕ ਕਿਸਾਨ ਆਗੂ ਮਰਨ ਵਰਤ ’ਤੇ ਨਹੀਂ ਬੈਠ ਸਕਿਆ ਤਾਂ ਉਸ ਦੀ ਥਾਂ ’ਤੇ ਹੋਰ ਕਿਸਾਨ ਆਗੂ ਭੁੱਖ ਹੜਤਾਲ ’ਤੇ ਬੈਠਣਗੇ। ਜਲਦੀ ਹੀ ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਫੈਸਲਾ ਲੈਣਗੀਆਂ ਕਿ ਹੁਣ ਮਰਨ ਵਰਤ ‘ਤੇ ਕੌਣ ਬੈਠੇਗਾ।
ਇਸ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਡੱਲੇਵਾਲ ਨੂੰ ਸੋਮਵਾਰ ਰਾਤ ਕਰੀਬ 2 ਵਜੇ ਖਨੌਰੀ ਸਰਹੱਦ ਤੋਂ ਚੁੱਕਿਆ ਗਿਆ ਹੈ। ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੱਲੇਵਾਲ ਨੂੰ ਚੁੱਕਣ ਵਾਲੇ ਪੁਲਿਸ ਵਾਲੇ ਹਿੰਦੀ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ‘ਤੇ ਜ਼ੁਲਮ ਕਰ ਰਹੀ ਹੈ। ਡੱਲੇਵਾਲ ਨੂੰ ਸੀਐਮ ਭਗਵੰਤ ਮਾਨ ਦੇ ਅਧਿਕਾਰ ਖੇਤਰ ਤੋਂ ਚੁੱਕਿਆ ਗਿਆ ਹੈ, ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ। ਦੱਸਣਾ ਪਵੇਗਾ ਕਿ ਉਹ ਕਿੱਥੇ ਲੈ ਗਏ ਹਨ? ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।
ਦੱਸ ਦਈਏ ਕਿ ਡੱਲੇਵਾਲ ਨੇ 4 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਉਹ ਸੰਸਦ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਭੁੱਖ ਹੜਤਾਲ ਕਰਨਗੇ। ਇਸ ਤੋਂ ਬਾਅਦ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ। ਇੱਕ ਦਿਨ ਪਹਿਲਾਂ ਸੋਮਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਸਿਰ ‘ਤੇ ਕਫਨ ਬੰਨ੍ਹ ਕੇ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ ਨਹੀਂ ਤਾਂ ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ। ਉਨ੍ਹਾਂ ਦੀ ਮੌਤ ਨਾਲ ਵੀ ਇਹ ਅੰਦੋਲਨ ਨਹੀਂ ਰੁਕੇਗਾ। ਮਰਨ ਉਪਰੰਤ ਹੋਰ ਆਗੂ ਮਰਨ ਵਰਤ ਸ਼ੁਰੂ ਕਰਨਗੇ।
