CM Bhagwant Mann Security: ਸੀਐਮ ਮਾਨ ਨੂੰ ਖ਼..ਤ..ਰਾ! ਪੂਰੇ ਪੰਜਾਬ ‘ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ ‘ਚ ਡਟੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਅੱਤਵਾਦੀ ਹਮਲੇ ਦਾ ਅਲਰਟ ਹੈ। ਖੁਫੀਆ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਅਲਰਟ ਤੋਂ ਬਾਅਦ ਸੀਐਮ ਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗਣਤੰਤਰ ਦਿਵਸ ਮੌਕੇ ਰਾਜ ਵਿੱਚ ਅੱਤਵਾਦੀ ਹਮਲੇ ਦੇ ਇਨਪੁਟ ਵੀ ਮਿਲੇ ਹਨ। ਸੂਤਰਾਂ ਮੁਤਾਬਕ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਬਾਅਦ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਲਗਾਤਾਰ ਸੀਐਮ ਮਾਨ ‘ਤੇ ਅੱਤਵਾਦੀ ਹਮਲੇ ਦੇ ਇਨਪੁਟ ਮਿਲ ਰਹੇ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਤਵਾਦੀ ਹਮਲੇ ਦੇ ਅਲਰਟ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੁਰੱਖਿਆ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗਣਤੰਤਰ ਦਿਵਸ ‘ਤੇ ਉਨ੍ਹਾਂ ਦੇ ਪ੍ਰਸ਼ਾਸਕੀ ਪ੍ਰੋਗਰਾਮ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਪਹਿਲਾਂ 26 ਜਨਵਰੀ ਨੂੰ ਫਰੀਦਕੋਟ ਵਿੱਚ ਝੰਡਾ ਲਹਿਰਾਉਣ ਵਾਲੇ ਸਨ ਪਰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦੇਣ ਮਗਰੋਂ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਰੱਦ ਕਰਕੇ ਪਹਿਲਾਂ ਮੁਹਾਲੀ ਤੇ ਫਿਰ ਅਚਾਨਕ ਪਟਿਆਲਾ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੋਗਰਾਮ ਨੂੰ ਦੂਜੀ ਵਾਰ ਬਦਲਿਆ ਗਿਆ ਹੈ
ਉਧਰ, 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰੇਟਾਂ, ਪੁਲਿਸ ਥਾਣਿਆਂ ਤੇ ਚੌਕੀਆਂ ਖਾਸ ਕਰਕੇ ਸਰਹੱਦੀ ਖੇਤਰਾਂ ਤੇ ਅੰਤਰ-ਰਾਜੀ ਸਰਹੱਦਾਂ ਨੂੰ ਜੋੜਨ ਵਾਲੇ ਮੋਰਚਿਆਂ ਉਪਰ ਤਾਇਨਾਤ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ। ਨਵੰਬਰ ਤੇ ਦਸੰਬਰ ਮਹੀਨੇ ਰਾਜ ਵਿੱਚ ਪੁਲਿਸ ਥਾਣਿਆਂ ‘ਤੇ ਹੋਏ ਗ੍ਰਨੇਡ ਹਮਲਿਆਂ ਤੇ ਅੱਤਵਾਦੀ ਸੰਗਠਨਾਂ ਦੁਆਰਾ ਵੱਡੀਆਂ ਘਟਨਾਵਾਂ ਦੀ ਯੋਜਨਾ ਬਣਾਏ ਜਾਣ ਬਾਰੇ ਮਿਲ ਰਹੇ ਇਨਪੁਟਸ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਇਹੀ ਕਾਰਨ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਦ ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ, ਪਟਿਆਲਾ ਤੇ ਹੋਰ ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਧਰ ‘ਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਗਣਤੰਤਰ ਦਿਵਸ ਮੌਕੇ ਸੂਬੇ ਵਿੱਚ ਹਾਈ ਅਲਰਟ ਦੇ ਮੱਦੇਨਜ਼ਰ, ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ 5 ਹਜ਼ਾਰ ਜਵਾਨਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਏਜੀਟੀਐਫ ਦੀ ਵਿਸ਼ੇਸ਼ ਟੀਮ ਸੂਬੇ ਦੇ ਸਰਹੱਦੀ ਖੇਤਰਾਂ ਸਮੇਤ ਹਰ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕਰੇਗੀ।
ਡੀਜੀਪੀ ਨੇ ਸੂਬੇ ਦੇ ਹਰ ਜਨਤਕ ਸਥਾਨ, ਜਿਸ ਵਿੱਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਮਲਟੀਪਲੈਕਸ, ਸੈਰ-ਸਪਾਟਾ ਸਥਾਨ, ਧਾਰਮਿਕ ਸਥਾਨ ਆਦਿ ਸ਼ਾਮਲ ਹਨ, ‘ਤੇ ਹਰੇਕ ਜ਼ਿਲ੍ਹੇ ਦੀ ਪੁਲਿਸ ਨੂੰ ਵਿਸ਼ੇਸ਼ ਚੈਕਿੰਗ ਡਿਊਟੀ ਸੌਂਪੀ ਹੈ। ਡੀਜੀਪੀ ਖੁਦ ਜ਼ਿਲ੍ਹਿਆਂ ਤੋਂ ਰੋਜ਼ਾਨਾ ਪੁਲਿਸ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ। AGTF ਤੋਂ ਇਲਾਵਾ, ਐਂਟੀ ਨਾਰਕੋਟਿਕਸ ਟਾਸਕ ਫੋਰਸ, ਵਿਜੀਲੈਂਸ ਬਿਊਰੋ, ਅੰਦਰੂਨੀ ਸੁਰੱਖਿਆ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤੇ ਹੋਰ ਏਜੰਸੀਆਂ ਨੂੰ ਵੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।
ਉਧਰ, ਗ੍ਰਹਿ ਮੰਤਰਾਲੇ ਤੇ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ 22 ਵਿਸ਼ੇਸ਼ ਕਮਾਂਡੋਜ਼ ਨੂੰ ਹਟਾ ਦਿੱਤਾ ਹੈ। ਦਿੱਲੀ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ। ਇਸ ਅਧੀਨ 63 ਸਿਪਾਹੀ ਤਾਇਨਾਤ ਹਨ। ਇਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਲਗਪਗ 15 ਵਰਦੀਧਾਰੀ ਕਰਮਚਾਰੀ ਹਨ।
ਕੇਜਰੀਵਾਲ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਹਟਾਉਣ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਖਤਰੇ ਬਾਰੇ ਲਗਾਤਾਰ ਜਾਣਕਾਰੀ ਮਿਲ ਰਹੀ ਹੈ। ਸੁਰੱਖਿਆ ਖਤਰੇ ਦੇ ਮੱਦੇਨਜ਼ਰ ਕੇਜਰੀਵਾਲ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਟੀਮ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ, ਇੱਥੋਂ ਤੱਕ ਕਿ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਦੀ ਹਰ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।