ਅੱਜ-ਕੱਲ ਲੋਕਾਂ ਦਾ ਇਨਸਾਨੀਅਤ ਤੇ ਰਿਸ਼ਤੇ-ਨਾਤਿਆਂ ਤੋਂ ਤਾਂ ਜਿਵੇਂ ਵਿਸ਼ਵਾਸ ਹੀ ਉੱਠ ਗਿਆ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ, ਜਿੱਥੇ ਇਕ ਨਵਜੰਮੇ ਬੱਚੇ ਨੂੰ ਬੈਗ ਵਿਚ ਪਾ ਕੇ ਮਲੋਆ ਨੂੰ ਜਾਣ ਵਾਲੇ ਕੱਚੇ ਰਸਤੇ ਦੇ ਕਿਨਾਰੇ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ। ਕਿਸੇ ਰਾਹਗੀਰ ਨੂੰ ਨਵਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਦੇਖਿਆ ਕਿ ਦਰੱਖ਼ਤ ’ਤੇ ਇਕ ਬੈਗ ਲਟਕ ਰਿਹਾ ਹੈ। ਬੈਗ ਵਿਚ ਦੇਖਣ ’ਤੇ ਉਸ ਵਿਚੋਂ ਬੱਚਾ ਮਿਲਿਆ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਮਲੋਆ ਥਾਣਾ ਪੁਲਸ ਬੱਚੇ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਈ, ਜਿੱਥੇ ਐਮਰਜੈਂਸੀ ਵਿਚ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਨਵਜੰਮਿਆ ਬੱਚਾ ਲੜਕਾ ਹੈ ਅਤੇ ਕੁਝ ਘੰਟਿਆਂ ਦਾ ਹੀ ਲੱਗ ਰਿਹਾ ਹੈ। ਮਲੋਆ ਥਾਣਾ ਪੁਲਸ ਨੇ ਦੱਸਿਆ ਕਿ ਰਾਹਗੀਰ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਮਾਤਾ-ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਰਸਤੇ ’ਚ ਕਿੱਥੇ-ਕਿੱਥੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹਨ, ਉਨ੍ਹਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਨਵਜੰਮਿਆ ਬੱਚਾ ਬਿਲਕੁਲ ਤੰਦਰੁਸਤ ਹੈ ਅਤੇ ਇਸ ਸਮੇਂ ਡਾਕਟਰਾਂ ਦੀ ਦੇਖ-ਰੇਖ ਵਿਚ ਹੈ।