Breaking News Flash News International

Canada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ ‘ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਦੇ ਐਲਾਨ ਦੌਰਾਨ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਟਰੂਡੋ ਨੇ ਦੇਸ਼ ਦੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕੀਮਤ ‘ਤੇ ਉਨ੍ਹਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਰੋਹ ਦੌਰਾਨ ਕਿਹਾ, ‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਲਗਪਗ 800000 ਕੈਨੇਡੀਅਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਅਸੀਂ ਹਮੇਸ਼ਾ ਨਫ਼ਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’

ਦਰਅਸਲ ਟੋਰਾਂਟੋ ਵਿੱਚ ਸਭ ਤੋਂ ਵੱਡੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਖਾਲਸਾ ਡੇਅ ਲਈ ਐਤਵਾਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ। ਓਂਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਅਨੁਸਾਰ ਇਹ ਖਾਲਸਾ ਡੇਅ ਤੇ ਸਿੱਖ ਨਵੇਂ ਸਾਲ ਮੌਕੇ ਇਹ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ।

ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ।

ਦੱਸ ਦਈਏ ਕਿ ਪਿਛਲੇ ਸਾਲ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ ਰਿਹਾ ਹੈ। ਜਸਟਿਨ ਟਰੂਡੋ ਨੇ ਭਾਰਤ ‘ਤੇ ਕੈਨੇਡਾ ‘ਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਲਗਾਤਾਰ ਜਸਟਿਨ ਟਰੂਡੋ ਤੋਂ ਇਨ੍ਹਾਂ ਦਾਅਵਿਆਂ ਸਬੰਧੀ ਸਬੂਤ ਮੰਗਦਾ ਆ ਰਿਹਾ ਹੈ। ਟਰੂਡੋ ਨੇ ਕਿਹਾ, “ਅਸੀਂ ਅੱਜ ਇੱਥੇ ਇਹ ਯਾਦ ਰੱਖਣ ਲਈ ਇਕੱਠੇ ਹੋਏ ਹਾਂ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ।” ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ, ਸਗੋਂ ਆਪਣੇ ਮਤਭੇਦਾਂ ਕਾਰਨ ਮਜ਼ਬੂਤ ​​ਹਾਂ।

ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘ਜਦੋਂ ਅਸੀਂ ਮਤਭੇਦ ਨੂੰ ਦੇਖਦੇ ਹਾਂ, ਤਾਂ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡੀਅਨ ਕਦਰਾਂ-ਕੀਮਤਾਂ ਹਨ। ਸੱਚ, ਨਿਆਂ, ਖੁੱਲ੍ਹਾਪਣ, ਦਇਆ, ਸੇਵਾ, ਮਨੁੱਖੀ ਅਧਿਕਾਰ। ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਹਨ। ਇਹ ਸਿੱਖ ਕੈਨੇਡੀਅਨ ਭਾਈਚਾਰਿਆਂ ਦੇ ਦਿਲ ਦੀਆਂ ਕਦਰਾਂ ਕੀਮਤਾਂ ਹਨ।

ਉਨ੍ਹਾਂ ਅੱਗੇ ਕਿਹਾ, ‘ਇੱਥੇ ਲਗਪਗ 8 ਲੱਖ ਕੈਨੇਡੀਅਨ ਸਿੱਖ ਵਿਰਸੇ ਦੇ ਵਸਨੀਕ ਹਨ। ਅਸੀਂ ਤੁਹਾਡੇ ਅਧਿਕਾਰਾਂ ਤੇ ਤੁਹਾਡੀ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ। ਅਸੀਂ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ। ਇਸ ਲਈ, ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ, ਸਾਰੇ ਗੁਰਦੁਆਰਿਆਂ ਸਮੇਤ ਕਮਿਊਨਿਟੀ ਸੈਂਟਰਾਂ ਤੇ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਵਧਾ ਰਹੇ ਹਾਂ।

ਇਸ ਦੌਰਾਨ ਟਰੂਡੋ ਨੇ ਅੰਮ੍ਰਿਤਸਰ ਸਮੇਤ ਭਾਰਤ ਲਈ ਹੋਰ ਉਡਾਣਾਂ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਬਿਲਕੁਲ ਮੌਲਿਕ ਅਧਿਕਾਰ ਦੇ ਬਰਾਬਰ ਹੈ, ਜਿਸ ਦੀ ਗਾਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜ੍ਹੇ ਰਹਾਂਗੇ। ਓਂਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਹਰ ਸਾਲ ਖਾਲਸਾ ਪਰੇਡ  ਕਰਵਾਉਂਦੀ ਹੈ, ਜਿਸ ਵਿੱਚ ਦੂਰੋਂ-ਦੂਰੋਂ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ। ਇਸ ਦੌਰਾਨ ਲੋਕਾਂ ਨੂੰ ਮੁਫਤ ਭੋਜਨ ਦਿੱਤਾ ਜਾਂਦਾ ਹੈ। ਇੱਥੇ ਸਿੱਖ ਅਰਦਾਸ ਕਰਦੇ ਹਨ।

LEAVE A RESPONSE

Your email address will not be published. Required fields are marked *