The News Post Punjab

Barnala By election: ਮੀਤ ਹੇਅਰ ਦੇ ਕਰੀਬੀ ਨੂੰ ਟਿਕਟ ਦੇਣ ਮਗਰੋਂ ‘ਆਪ’ ‘ਚ ਵੱਡਾ ਧਮਾਕਾ! ਬਦਲ ਸਕਦੇ ਸਿਆਸੀ ਸਮੀਕਰਨ

ਬਰਨਾਲਾ ਵਿਧਾਨ ਸਭਾ ਦੀ ਉਪ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਵੱਲੋਂ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਹਰਿੰਦਰ ਧਾਲੀਵਾਲ ਦਾ ਵਿਰੋਧ ਜਾਰੀ ਹੈ। ਅੱਜ ਸਵੇਰੇ ਗੁਰਦੀਪ ਸਿੰਘ ਬਾਠ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬਰਨਾਲਾ ਦੀ ਜ਼ਿਮਨੀ ਚੋਣ ਆਜ਼ਾਦ ਤੌਰ ’ਤੇ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਬਾਰੇ ਇਕ ਪੋਸਟ ਕੀਤੀ ਹੈ। ਇਸ ਵਿੱਚ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਲਿਖਿਆ, ਦੋਸਤੋ, ਮਿਲਦੇ ਹਾਂ ਲੋਕਾਂ ਦੀ ਕਚਹਿਰੀ ਵਿੱਚ।

ਦਰਅਸਲ ਬਰਨਾਲਾ ਵਿਧਾਨ ਸਭਾ ਦੀ ਉਪ ਚੋਣ ਲਈ ਗੁਰਦੀਪ ਸਿੰਘ ਬਾਠ ਟਿਕਟ ਦੇ ਸਭ ਤੋਂ ਵੱਡੇ ਦਾਅਵੇਦਾਰ ਸਨ ਪਰ ਪਾਰਟੀ ਨੇ ਸੰਸਦ ਮੈਂਬਰ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਤੁਰੰਤ ਬਾਅਦ ਗੁਰਦੀਪ ਸਿੰਘ ਬਾਠ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਪਾਰਟੀ ਵੱਲੋਂ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਉਹ ਆਜ਼ਾਦ ਤੌਰ ’ਤੇ ਚੋਣ ਲੜਨ ਲਈ ਤਿਆਰ ਹਨ।

ਗੁਰਦੀਪ ਸਿੰਘ ਬਾਠ ਨੇ ਸੋਮਵਾਰ ਨੂੰ ਆਪਣੇ ਪਿੰਡ ਕੱਟੂ ਵਿਖੇ ਪਾਰਟੀ ਵਰਕਰਾਂ ਤੇ ਪਿੰਡ ਵਾਸੀਆਂ ਦੀ ਵੱਡੀ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਪਾਰਟੀ ਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਸਮਰਥਨ ਦੇਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਅੱਜ ਗੁਰਦੀਪ ਸਿੰਘ ਬਾਠ ਨੇ ਆਪਣਾ ਅਹਿਮ ਅਹੁਦਾ ਛੱਡ ਦਿੱਤਾ ਹੈ।

Barnala By election: ਮੀਤ ਹੇਅਰ ਦੇ ਕਰੀਬੀ ਨੂੰ ਟਿਕਟ ਦੇਣ ਮਗਰੋਂ 'ਆਪ' 'ਚ ਵੱਡਾ ਧਮਾਕਾ! ਬਦਲ ਸਕਦੇ ਸਿਆਸੀ ਸਮੀਕਰਨ
ਆਮ ਆਦਮੀ ਪਾਰਟੀ ਦੇ ਇਸ ਵਿਵਾਦ ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਵੀ ਐਕਟਿਵ ਹੋ ਗਈਆਂ ਹਨ। ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਹੈ ਪਰ ਕਿਸਾਨਾਂ ਦੇ ਸੰਘਰਸ਼ ਕਾਰਨ ਅਜੇ ਤੱਕ ਟਿਕਟ ਦਾ ਐਲਾਨ ਨਹੀਂ ਕਰ ਰਹੀ। ਕਾਂਗਰਸ ਪਾਰਟੀ ਇਸ ਵਿਵਾਦ ਨੂੰ ਦੇਖਣ ਤੋਂ ਬਾਅਦ ਹੀ ਟਿਕਟਾਂ ਦਾ ਐਲਾਨ ਕਰੇਗੀ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਵੀ ਗੁਰਦੀਪ ਸਿੰਘ ਬਾਠ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

Exit mobile version