ਬੰਗਲਾਦੇਸ਼ ‘ਚ ਸ਼ੇਖ ਹਸੀਨਾ ਸਰਕਾਰ ਦੇ ਭੱਜ ਜਾਣ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਬੰਗਲਾਦੇਸ਼ ਨਾਲ ਲੱਗਦੀਆਂ ਭਾਰਤੀ ਸਰਹੱਦਾਂ ‘ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਬੀਐਸਐਫ ਨੇ ਆਪਣੇ ਨਿਗਰਾਨੀ ਖੇਤਰ ਦੀਆਂ ਸਰਹੱਦਾਂ ‘ਤੇ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਬਲਾਂ ਨੂੰ ਇਹ ਯਕੀਨੀ ਬਣਾਉਣ ਲਈ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਕਿ ਕੋਈ ਘੁਸਪੈਠ ਨਾ ਹੋਵੇ।
ਇੱਕ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਨੇ 4,096 ਕਿਲੋਮੀਟਰ ਲੰਬੀ ਸਰਹੱਦ ‘ਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਤੇ ਉਨ੍ਹਾਂ ਦੇ ਨਾਲ ਹੋਰ ਸੀਨੀਅਰ ਅਧਿਕਾਰੀ ਭਾਰਤ-ਬੰਗਲਾਦੇਸ਼ ਸੀਮਾ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੱਛਮੀ ਬੰਗਾਲ ਪੁੱਜੇ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਖ਼ੁਫੀਆ ਜਾਣਕਾਰੀ ਮਿਲੀ ਹੈ ਕਿ ਬੰਗਲਾਦੇਸ਼ ‘ਚ ਚੱਲ ਰਹੀ ਅਸ਼ਾਂਤੀ ਦੌਰਾਨ ਪਾਬੰਦੀਸ਼ੁਦਾ ਇਸਲਾਮਿਕ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (JMB) ਤੇ ਅੰਸਾਰੁੱਲਾ ਬੰਗਲਾ ਟੀਮ ਦੇ ਕਈ ਮੈਂਬਰ ਜੇਲ੍ਹਾਂ ‘ਚੋਂ ਫਰਾਰ ਹੋ ਗਏ ਹਨ। ਏਜੰਸੀਆਂ ਉਨ੍ਹਾਂ ਦੇ ਭਾਰਤ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਚੌਕਸ ਹਨ। ਇਹ ਅੱਤਵਾਦੀ ਸੰਗਠਨ ਭਾਰਤ ਤੇ ਬੰਗਲਾਦੇਸ਼ ਦੇ ਸਰਹੱਦੀ ਸੂਬਿਆਂ ‘ਚ ਸਰਗਰਮ ਹਨ। ਕਈ ਮੌਕਿਆਂ ‘ਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਪੱਛਮੀ ਬੰਗਾਲ ਤੇ ਅਸਾਮ ਤੋਂ ਇਨ੍ਹਾਂ ਸੰਗਠਨਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਮੈਂਬਰ ਮੌਜੂਦਾ ਗੜਬੜ ਦਾ ਫਾਇਦਾ ਉਠਾ ਕੇ ਭਾਰਤ ‘ਚ ਘੁਸਪੈਠ ਕਰ ਸਕਦੇ ਹਨ।
ਜ਼ਿਕਰ ਕਰ ਦਈਏ ਕਿ ਭਾਰਤ ਤੇ ਬੰਗਲਾਦੇਸ਼ 4,096 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦੇ ਹਨ, ਜਿਸ ਵਿੱਚ ਅਸਾਮ ਵਿੱਚ 262 ਕਿਲੋਮੀਟਰ, ਤ੍ਰਿਪੁਰਾ ਵਿੱਚ 856, ਮਿਜ਼ੋਰਮ ਵਿੱਚ 318, ਮੇਘਾਲਿਆ ਵਿੱਚ 443 ਅਤੇ ਪੱਛਮੀ ਬੰਗਾਲ ਵਿੱਚ 2,217 ਕਿਲੋਮੀਟਰ ਸ਼ਾਮਲ ਹਨ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਰਾਜ ਸਰਕਾਰਾਂ ਨੂੰ ਅਲਰਟ ਵੀ ਭੇਜਿਆ ਗਿਆ ਹੈ।