ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਪ ਰਾਜਪਾਲ ਵਿਨੈ ਸਕਸੈਨਾ ਵਿਚਾਲੇ ਮੁੜ ਖੜਕ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਦੇ ਮਾਮਲੇ ’ਚ ਐਨਆਈਏ ਜਾਂਚ ਦੀ ਸਿਫਾਰਸ਼ ਕਰਨ ਮਗਰੋਂ ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਵਿਨੈ ਸਕਸੈਨਾ ਘੇਰਿਆ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਮੰਤਰੀ ਸੌਰਭ ਭਾਰਦਵਾਜ ਨੇ ਪਿਛਲੇ ਕੁਝ ਦਿਨਾਂ ਦੌਰਾਨ ਦਿੱਲੀ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਉਪ ਰਾਜਪਾਲ ਵਿਨੈ ਸਕਸੈਨਾ ‘ਤੇ ਹਮਲਾ ਬੋਲਿਆ ਹੈ। ਭਾਰਦਵਾਜ ਨੇ ਕਿਹਾ, “ਉਨ੍ਹਾਂ ਕੋਲ ਸਿਰਫ਼ ਦੋ ਕੰਮ ਹਨ। ਇੱਕ ਦਿੱਲੀ ਪੁਲਿਸ ਤੇ ਦੂਜੀ ਦਿੱਲੀ ਵਿਕਾਸ ਅਥਾਰਟੀ। ਇਸ ਦੇ ਬਾਵਜੂਦ ਉਹ ਦੂਜਿਆਂ ਨੂੰ ਚਿੱਠੀਆਂ ਤਾਂ ਲਿਖ ਰਹੇ ਹਨ, ਪਰ ਆਪਣੇ ਅੰਦਰ ਝਾਤੀ ਨਹੀਂ ਮਾਰ ਰਹੇ।”
ਦਰਅਸਲ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐਨਆਈਏ ਜਾਂਚ ਦੀ ਸਿਫਾਰਸ਼ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਇਹ ਸਿਫਾਰਸ਼ ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਹੈ।
ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ’ਚ ਉੱਪ ਰਾਜਪਾਲ ਸਕੱਤਰੇਤ ਨੇ ਕਿਹਾ ਕਿ ਸਕਸੈਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ’ ਨੂੰ ਕਥਿਤ ਤੌਰ ’ਤੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਤੋਂ 1.6 ਕਰੋੜ ਡਾਲਰ ਦੀ ਵਿੱਤੀ ਮਦਦ ਪ੍ਰਾਪਤ ਹੋਈ ਸੀ। ਸਕਸੈਨਾ ਨੇ ਕਿਹਾ, ‘ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਇਲੈਕਟ੍ਰੌਨਿਕਸ ਸਬੂਤਾਂ ਦੀ ਫੋਰੈਂਸਿਕ ਪੜਤਾਲ ਸਮੇਤ ਹੋਰ ਜਾਂਚ ਦੀ ਲੋੜ ਹੈ।’
ਪੱਤਰ ’ਚ ਕਿਹਾ ਗਿਆ ਹੈ ਕਿ ਸ਼ਿਕਾਇਤ ਇੱਕ ਮੁੱਖ ਮੰਤਰੀ ਖ਼ਿਲਾਫ਼ ਕੀਤੀ ਗਈ ਹੈ ਤੇ ਇਹ ਇੱਕ ਪਾਬੰਦੀਸ਼ੁਦਾ ਜਥੇਬੰਦੀ ਤੋਂ ਪ੍ਰਾਪਤ ਸਿਆਸੀ ਫੰਡਾਂ ਨਾਲ ਸਬੰਧਤ ਹੈ। ਇਹ ਕਦਮ ਸੁਪਰੀਮ ਕੋਰਟ ਵੱਲੋਂ ਮੌਜੂਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ’ਤੇ ਵਿਚਾਰ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਆਇਆ ਹੈ। ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ ਤਿਹਾੜ ਜੇਲ੍ਹ ਵਿੱਚ ਬੰਦ ਹਨ।
