The News Post Punjab

Amritsar News: ਅੰਮ੍ਰਿਤ.ਪਾਲ ਸਿੰਘ ਨਾਲ ਜੁੜੀ ਵੱਡੀ ਖਬਰ! ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਨਿਪੇਨ ਦਾਸ ਗ੍ਰਿਫ਼ਤਾਰ

Amritsar News: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਆਈ ਹੈ। ਅੰਮ੍ਰਿਤਪਾਲ ਸਿੰਘ ਅਸਾਮ ਦੀ ਜਿਸ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਉਸ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਮੋਬਾਈਲ ਫੋਨ, ਸਪਾਈ ਕੈਮ ਤੇ ਹੋਰ ਸਾਮਾਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਕੀਤੀ ਗਈ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ 11 ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਵਿੱਚੋਂ ਸਾਮਾਨ ਬਰਾਮਦ ਹੋਣ ‘ਤੇ ਕਾਫੀ ਹੰਗਾਮਾ ਹੋਇਆ ਸੀ। ਫਿਲਹਾਲ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਭੁੱਖ ਹੜਤਾਲ ‘ਤੇ ਹਨ। ‘ਵਾਰਿਸ ਪੰਜਾਬ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਜੇਲ੍ਹ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਅਧਿਕਾਰੀ ਨੂੰ ਅਣਗਹਿਲੀ ਦੇ ਦੋਸ਼ ਹੇਠ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਫਿਲਹਾਲ ਉਸ ਤੋਂ ਡਿਬਰੂਗੜ੍ਹ ‘ਚ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਸਮੇਤ ਉਸ ਦੇ 10 ਸਾਥੀ ਬੰਦ ਹਨ। ਡਿਬਰੂਗੜ੍ਹ ਦੇ ਐਸਪੀ ਵੀਵੀਆਰ ਰੈਡੀ ਨੇ ਕਿਹਾ ਕਿ ਅਧਿਕਾਰੀ ਦੀ ਲਾਪ੍ਰਵਾਹੀ ਕਾਰਨ ਜੇਲ੍ਹ ਵਿੱਚ ਇਲੈਕਟ੍ਰਾਨਿਕ ਵਸਤੂਆਂ ਪਹੁੰਚੀਆਂ। ਇਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਸਪੀ ਰੈੱਡੀ ਨੇ ਦੱਸਿਆ ਕਿ ਇਹ ਮਾਮਲਾ ਡਿਬਰੂਗੜ੍ਹ ਦੇ ਸਦਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਖਾਲਿਸਤਾਨੀ ਸਮਰਥਕ ਕੈਦੀਆਂ ਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਯੰਤਰਾਂ ਵਿੱਚ ਇੱਕ ਸਿਮ ਕਾਰਡ ਵਾਲਾ ਸਮਾਰਟਫ਼ੋਨ, ਇੱਕ ਕੀਪੈਡ ਫ਼ੋਨ, ਕੀਬੋਰਡ ਵਾਲਾ ਇੱਕ ਟੀਵੀ ਰਿਮੋਟ, ਇੱਕ ਸਪਾਈ-ਕੈਮ ਪੈੱਨ, ਪੈਨ-ਡਰਾਈਵ, ਇੱਕ ਬਲੂਟੁੱਥ ਹੈੱਡਫ਼ੋਨ ਤੇ ਸਪੀਕਰ ਸ਼ਾਮਲ ਹਨ। ਇਹ ਸਾਰਾ ਸਾਮਾਨ ਅਧਿਕਾਰੀ ਦੀ ਨਿਗਰਾਨੀ ਹੇਠ ਮੁਹੱਈਆ ਕਰਵਾਇਆ ਗਿਆ ਸੀ।

ਆਸਾਮ ਪੁਲਿਸ ਦੇ ਡੀਜੀਪੀ ਜੀਪੀ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕਾਂ ਖਿਲਾਫ NSA ਤਹਿਤ ਕਾਰਵਾਈ ਕੀਤੀ ਗਈ ਹੈ। “ਐਨਐਸਏ ਸੈੱਲ ਵਿੱਚ ਹੋ ਰਹੀਆਂ ਅਣ-ਅਧਿਕਾਰਤ ਗਤੀਵਿਧੀਆਂ ਦੀ ਸੂਚਨਾ ਮਿਲਣ ‘ਤੇ ਐਨਐਸਏ ਬਲਾਕ ਦੇ ਜਨਤਕ ਖੇਤਰ ਵਿੱਚ ਵਾਧੂ ਸੀਸੀਟੀਵੀ ਕੈਮਰੇ ਲਾਏ ਗਏ ਸਨ।” ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਕਾਨੂੰਨੀ ਕਾਰਵਾਈ ਤੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਗ੍ਰਿਫਤਾਰ ਅਧਿਕਾਰੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ, ਜਿਸ ਤੋਂ ਬਾਅਦ ਡਿਬਰੂਗੜ੍ਹ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ।

Exit mobile version