The News Post Punjab

Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ ‘ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ ਦੀ ਸਿਆਸਤ ਵਿੱਚ ਧਮਾਕੇਦਾਰ ਐਂਟਰੀ ਕਰ ਸਕਦੇ ਹਨ। ਇਸ ਵਾਰ ਉਹ ਧਰਮ ਪ੍ਰਚਾਰ ਦੀ ਬਜਾਏ ਬਾਕਾਇਦਾ ਸਿਆਸੀ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰਣਗੇ। ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ’ਤੇ ਪਾਰਟੀ ਦਾ ਐਲਾਨ ਕਰ ਸਕਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਾਘੀ ਮੇਲੇ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਹੋ ਜਾਣਗੇ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮਾਘੀ ਵਾਲੇ ਦਿਨ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਦਾ ਐਲਾਨ ਹੋ ਸਕਦਾ ਹੈ। ਫਰੀਦਕੋਟ ਦੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪੰਥਕ ਪਾਰਟੀ ਬਣ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਨਵੇਂ ਪਾਰਟੀ ਦੇ ਗਠਨ ਲਈ ਆਪਣੇ ਵੱਧ ਤੋਂ ਵੱਧ ਸਮਰਥਕਾਂ ਨੂੰ ਮਾਘੀ ਮੇਲੇ ’ਤੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਦੋਵੇਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੇ ਸਨ।

ਦਰਅਸਲ ਕਈ ਦਹਾਕਿਆਂ ਤੋਂ ਸਿੱਖ ਸਿਆਸਤ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੀਆਂ ਤਿੰਨ ਚੋਣਾਂ ਲਗਾਤਾਰ ਬੁਰੀ ਤਰ੍ਹਾਂ ਹਾਰਿਆ ਹੈ। ਇਸ ਤੋਂ ਇਲਾਵਾ ਲੀਡਰਸ਼ਿਪ ਬਦਲਣ ਨੂੰ ਲੈ ਕੇ ਪਾਰਟੀ ਅੰਦਰ ਕਲੇਸ਼ ਚੱਲ ਰਿਹਾ ਹੈ। ਇਸ ਲਈ ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਕਾਰਨ ਪੈਦਾ ਹੋਏ ਖਲਾਅ ਵਿੱਚ ਆਪਣਾ ਭਵਿੱਖ ਭਾਲ ਰਹੀ ਹੈ। ਭਾਈ ਸਰਬਜੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿੱਖਾਂ ਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।

ਇਸ ਧੜੇ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਲੋਕ ਸਭਾ ਮੈਂਬਰਾਂ ਨੇ ਆਪਣੇ ਸਮਰਥਕਾਂ ਤੇ ਪੰਥਕ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ’ਤੇ ਸੱਦਿਆ ਹੈ ਤਾਂ ਜੋ ਨਵੀਂ ਪੰਥਕ ਪਾਰਟੀ ਸਥਾਪਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੰਥਕ ਏਕਤਾ ਦੀ ਗੱਲ ਵੀ ਜ਼ੋਰ ਬੜਦੀ ਜਾ ਰਹੀ ਹੈ। ਇਸ ਲਈ ਹੋਰ ਗਰਮ ਖਿਆਲੀ ਧੜੇ ਵੀ ਨਵੀਂ ਪਾਪਟੀ ਨਾਲ ਜੁੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੇ ਸਮੇਂ ਦੌਰਾਨ ਪੰਜਾਬ ਦੀ ਸਿਆਸਤ ਨਵਾਂ ਮੋੜ ਲੈ ਸਕਦੀ ਹੈ।

Exit mobile version