ਗਣਤੰਤਰ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਨੇੜੇ ਬਣੀ ਹੈਰੀਟੇਜ ਸਟਰੀਟ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਬਾਰੇ ਕਈ ਖੁਲਾਸੇ ਹੋ ਰਹੇ ਹਨ। ਉਹ ਬੇਹੱਦ ਗਰੀਬ ਪਰਿਵਾਰ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਉਹ ਕੁਝ ਸਮਾਂ ਦੁਬਈ ਰਿਹਾ ਹੈ। ਦੁਬਈ ਜਾਣ ਵੇਲੇ ਉਹ ਉਹ ਕਲੀਨ ਸ਼ੇਵ ਸੀ ਪਰ ਹੁਣ ਉਸ ਨੇ ਸਿੱਖ ਬਾਣੇ ਵਿੱਚ ਰਹਿੰਦਾ ਸੀ।
ਆਕਾਸ਼ ਦੇ ਧਰਮਕੋਟ ਨਾਲ ਪਿਛੋਕੜ ਦੇ ਖੁਲਾਸੇ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਉਸ ਦਾ ਪੁਲਿਸ ਰਿਕਾਰਡ ਘੋਖਣ ਲੱਗਾ ਹੈ। ਸਥਾਨਕ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਮੁਲਜ਼ਮ ਆਕਾਸ਼ ਦੇ ਘਰ ਜਾ ਕੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ। ਪੁਲਿਸ ਦੇ ਖੁਫ਼ੀਆ ਵਿੰਗ ਨੇ ਵੀ ਸਾਰੇ ਵੇਰਵੇ ਪ੍ਰਾਪਤ ਕਰਕੇ ਸਰਕਾਰ ਨੂੰ ਭੇਜ ਦਿੱਤੇ ਹਨ। ਇਹ ਨੌਜਵਾਨ ਧਰਮਕੋਟ ਦੀ ਚੁੱਘਾ ਬਸਤੀ ਦਾ ਰਹਿਣ ਵਾਲਾ ਹੈ ਤੇ ਇਹ ਚਾਰ ਭੈਣ-ਭਰਾ ਹਨ।
ਉਕਤ ਨੌਜਵਾਨ ਆਕਾਸ਼ ਦੇ ਨਾਨਕੇ ਬੁੱਘੀਪੁਰਾ ਮੋਗਾ ਵਿੱਚ ਹਨ। ਇਸ ਲਈ ਉਹ ਜ਼ਿਆਦਾਤਰ ਆਪਣੀ ਨਾਨੀ ਕੋਲ ਹੀ ਰਹਿੰਦਾ ਰਿਹਾ ਹੈ। ਇਹ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ-ਰੋਟੀ ਲਈ ਦੁਬਈ ਚਲਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਪਰਤ ਕੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਉਹ ਦੁਬਈ ਜਾਣ ਤੋਂ ਪਹਿਲਾਂ ਕਲੀਨ ਸ਼ੇਵ ਸੀ। ਉਹ ਚਾਰ ਮਹੀਨੇ ਪਹਿਲਾਂ ਹੀ ਸਿੱਖੀ ਬਾਣੇ ਵਿੱਚ ਪਰਤਿਆ ਸੀ।
ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਭੈਣ ਦਾ ਵਿਆਹ ਤੋਂ ਬਾਅਦ ਤਲਾਕ ਹੋ ਗਿਆ ਸੀ ਤੇ ਅੱਜ ਕੱਲ੍ਹ ਉਹ ਦੁਬਈ ਰਹਿ ਰਹੀ ਹੈ। ਪਰਿਵਾਰ ਗਰੀਬ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਪਰਿਵਾਰ ਨੂੰ ਬੀਤੇ ਦੀ ਘਟਨਾ ਦਾ ਸੋਸ਼ਲ ਮੀਡੀਆ ਤੇ ਖ਼ਬਰਾਂ ਤੋਂ ਬਾਅਦ ਲੱਗਾ ਹੈ। ਉਸ ਦੀ ਮਾਤਾ ਮੁਤਾਬਕ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਬਾਅਦ ਆਕਾਸ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਿਆ। ਉਸ ਦੇ ਅਜਿਹਾ ਕਰਨ ਦੇ ਮਕਸਦ ਤੋਂ ਵੀ ਪਰਿਵਾਰ ਪੂਰੀ ਤਰ੍ਹਾਂ ਅਣਜਾਣ ਹੈ।
ਅੰਮ੍ਰਿਤਸਰ ਪੁਲਿਸ ਨੇ ਉਸ ਉਪਰ 8 ਧਾਰਾਵਾਂ ਲਾਈਆਂ ਹਨ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਹੈ ਤੇ ਹੁਣ ਉਸ ਤੋਂ 30 ਜਨਵਰੀ ਤੱਕ ਪੁੱਛਗਿੱਛ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਤੇ ਪੂਰੀ ਘਟਨਾ ਦੇ ਪਿੱਛੇ ਦੀ ਕਹਾਣੀ ਜਨਤਕ ਕਰੇਗੀ। ਪੁਲਿਸ ਨੇ ਇਸ ਮਾਮਲੇ ਵਿੱਚ 26 ਜਨਵਰੀ ਨੂੰ ਹੀ ਐਫਆਈਆਰ ਦਰਜ ਕੀਤੀ ਸੀ।
ਭਾਵੇਂ ਪਹਿਲਾਂ ਨਾਮ ਸਪੱਸ਼ਟ ਨਹੀਂ ਸੀ, ਪਰ ਐਫਆਈਆਰ ਅਣਪਛਾਤੇ ਦੇ ਨਾਮ ‘ਤੇ ਦਰਜ ਕੀਤੀ ਗਈ ਸੀ ਤੇ ਬਾਅਦ ਵਿੱਚ ਮੋਗਾ ਨਿਵਾਸੀ ਆਕਾਸ਼ਦੀਪ ਦਾ ਨਾਮ ਇਸ ਵਿੱਚ ਜੋੜ ਦਿੱਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਵਿਰੁੱਧ ਅੱਠ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਿਨ੍ਹਾਂ ਵਿੱਚ BNS 333- ਅਧਿਕਾਰ ਖੇਤਰ ਵਿੱਚ ਦਾਖਲ ਹੋਣਾ ਤੇ ਹਮਲਾ ਕਰਨਾ, ਬੀਐਨਐਸ 299- ਧਾਰਮਿਕ ਵਿਸ਼ਵਾਸਾਂ ਦਾ ਜਾਣਬੁੱਝ ਕੇ ਅਪਮਾਨ ਕਰਨਾ, BNS 326(f)- ਸ਼ਰਾਰਤ ਅਧੀਨ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, BNS 324(4) – ਜਾਣਬੁੱਝ ਕੇ ਸ਼ਰਾਰਤ ਕਰਨਾ, BNS 196- ਧਰਮ, ਜਾਤ ਆਦਿ ਦੇ ਆਧਾਰ ‘ਤੇ ਸਮੂਹਾਂ ਵਿਚਕਾਰ ਦੁਸ਼ਮਣੀ ਵਧਾਉਣ ਵਾਲੇ ਕੰਮ ਕਰਨਾ ਆਦਿ ਸ਼ਾਮਲ ਹਨ। ਇਨ੍ਹਾਂ ਪੰਜ ਧਾਰਾਵਾਂ ਤੋਂ ਇਲਾਵਾ, ਐਸਸੀ-ਐਸਟੀ ਐਕਟ ਦੀਆਂ ਧਾਰਾਵਾਂ 3,4,5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।