AAP ਦੇ ਇੱਕ ਹੋਰ MLA ਦੇ ਘਰ ‘ਤੇ ਈਡੀ ਦਾ ਛਾਪਾ, ਕਿਹਾ ਸੀ- ਅਰਵਿੰਦ ਕੇਜਰੀਵਾਲ ਹੈ ਪ੍ਰਧਾਨ ਮੰਤਰੀ ਮੋਦੀ ਦਾ ‘ਕਾਲ’
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਦੇ ਇੱਕ ਹੋਰ ਵਿਧਾਇਕ ਦੇ ਘਰ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਮਟਿਆਲਾ ਤੋਂ ਵਿਧਾਇਕ ਗੁਲਾਬ ਸਿੰਘ (Gulab Singh Yadav) ਦੇ ਘਰ ਛਾਪਾ ਮਾਰਨ ਲਈ ਸ਼ਨੀਵਾਰ ਸਵੇਰੇ ਈਡੀ ਦੀ ਟੀਮ ਪਹੁੰਚੀ ਹੈ।
ਸ਼ਨੀਵਾਰ (23 ਮਾਰਚ, 2024) ਦੀ ਸਵੇਰ ਨੂੰ, ਈਡੀ ਦੀ ਟੀਮ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਮਟਿਆਲਾ ਖੇਤਰ ਤੋਂ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪਾ ਮਾਰਿਆ। ਸੂਤਰਾਂ ਦੇ ਹਵਾਲੇ ਤੋਂ ਨਿਊਜ਼ ਏਜੰਸੀ ਏਐਨਆਈ ਨੇ ਕਿਹਾ, ਈਡੀ ਅਧਿਕਾਰੀਆਂ ਨੇ ਇਸ ਦੌਰਾਨ ਗੁਲਾਬ ਸਿੰਘ ਯਾਦਵ ਦੇ ਘਰ ਦੀ ਤਲਾਸ਼ੀ ਲਈ। ਦੱਸਣਯੋਗ ਹੈ ਕਿ ਗੁਲਾਬ ਸਿੰਘ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਇੰਚਾਰਜ ਰਹੇ ਹਨ।
ਗੁਲਾਬ ਸਿੰਘ ਯਾਦਵ ਦੇ ਖਿਲਾਫ਼ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਉਸ ਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ ‘ਚ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਐਕਸ ‘ਤੇ ਦਿੱਲੀ ਦੇ ਸੀਐਮ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ- ਮੋਦੀ ਦਾ ਸਿਰਫ਼ ਇੱਕ ਹੀ ਕਾਲ ਹੈ ਅਤੇ ਉਹ ਹੈ ਅਰਵਿੰਦ ਕੇਜਰੀਵਾਲ।
ਜ਼ਿਕਰਯੋਗ ਹੈ ਕਿ ‘ਆਪ’ ਆਗੂ ਗੁਲਾਬ ਸਿੰਘ ਯਾਦਵ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਸਮੇਂ ਉਹ ਦਿੱਲੀ ਦੇ ਮਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਇਸ ਤੋਂ ਇਲਾਵਾ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਇੰਚਾਰਜ ਰਹੇ ਹਨ ਅਤੇ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਦੀ ਟੀਮ ਦਾ ਸਿਪਾਹੀ ਦੱਸਦੇ ਹਨ।