ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਦੇਸ਼ ‘ਚ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਇਸੇ ਲੜੀ ਵਿੱਚ ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਪੁਣੇ ਤੋਂ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਫੜੇ ਗਏ ਇਸ ਵਿਅਕਤੀ ਦੀ ਪਛਾਣ ਪ੍ਰਵੀਨ ਲੋਣਕਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪ੍ਰਵੀਨ ਲੋਣਕਰ ਨੂੰ ਸਹਿ-ਸਾਜ਼ਿਸ਼ਕਰਤਾ ਦੱਸਿਆ ਹੈ। ਪੁਲਿਸ ਇਸ ਮਾਮਲੇ ਵਿੱਚ ਉਸ ਦੇ ਭਰਾ ਸ਼ੁਭਮ ਲੋਣਕਰ ਦੀ ਭਾਲ ਕਰ ਰਹੀ ਹੈ। ਇਹ ਸਾਰੇ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਹਨ। ਇਸ ਮਾਮਲੇ ‘ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਲਾਰੇਂਸ ਬਿਸ਼ਨੋਈ ਦਾ ਨਾਂ ਪੂਰੇ ਦੇਸ਼ ਵਿੱਚ ਚਰਚਾ ਵਿੱਚ ਹੈ।
ਲਾਰੈਂਸ ਬਿਸ਼ਨੋਈ ਪੰਜਾਬ ਦੇ ਫ਼ਿਰੋਜ਼ਪੁਰ ਦਾ ਵਸਨੀਕ ਹੈ। ਉਸ ਦਾ ਜਨਮ 12 ਫਰਵਰੀ 1993 ਨੂੰ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਪੜ੍ਹਾਈ ਪੂਰੀ ਕੀਤੀ ਹੈ। ਪੜ੍ਹਾਈ ਦੌਰਾਨ ਉਹ ਇੱਕ ਵਿਦਿਆਰਥੀ ਸੰਗਠਨ ਨਾਲ ਜੁੜਿਆ ਹੋਇਆ ਸੀ, ਜਿੱਥੇ ਉਸ ਦੀ ਮੁਲਾਕਾਤ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਗੋਲਡੀ ਬਰਾੜ ਨਾਲ ਹੋਈ। ਇਸ ਤੋਂ ਬਾਅਦ ਬਿਸ਼ਨੋਈ ਦੇ ਕਦਮ ਅਪਰਾਧ ਦੀ ਦੁਨੀਆ ਵੱਲ ਵਧੇ।
ਪਿਛਲੇ ਦੋ ਦਹਾਕਿਆਂ ਵਿੱਚ ਉਸ ਨੇ ਅਪਰਾਧ ਦਾ ਸਾਮਰਾਜ ਬਣਾਇਆ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ ਅਤੇ ਦਿੱਲੀ ਪੁਲਿਸ ਨੇ ਉਸ ਦੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦਾ ਦਾਅਵਾ ਕੀਤਾ ਸੀ। ਉਸ ਖ਼ਿਲਾਫ਼ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਬਿਸ਼ਨੋਈ ਗੈਂਗ ਨੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।
ਕਿਉਂ ਸਲਮਾਨ ਨਾਲ ਹੈ ਦੁਸ਼ਮਨੀ?
ਸਾਲ 1998 ‘ਚ ਸਲਮਾਨ ਖਾਨ ‘ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਲਜ਼ਾਮ ਸੀ ਕਿ ਸਲਮਾਨ ਖਾਨ ਨੇ ਜੋਧਪੁਰ ਵਿੱਚ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸ਼ਹਿਰ ਦੇ ਨਾਲ ਲੱਗਦੇ ਕਾਂਕਾਣੀ ਪਿੰਡ ਦੇ ਕੋਲ ਦੋ ਕਾਲੇ ਹਿਰਨਾਂ ਨੂੰ ਮਾਰਿਆ ਸੀ। ਰਾਜਸਥਾਨ ਵਿੱਚ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦਾ ਬਹੁਤ ਸਤਿਕਾਰ ਕਰਦਾ ਹੈ। ਉਹ ਇਸ ਦੀ ਪੂਜਾ ਕਰਦੇ ਹਨ। ਅਜਿਹੇ ‘ਚ ਸਲਮਾਨ ਖਾਨ ਬਿਸ਼ਨੋਈ ਸਮਾਜ ਦੇ ਨਿਸ਼ਾਨੇ ‘ਤੇ ਆ ਗਏ। ਇਸ ਮਾਮਲੇ ਤੋਂ ਬਾਅਦ ਲਾਰੇਂਸ ਬਿਸ਼ਨੋਈ ਸਲਮਾਨ ਖਾਨ ਦੇ ਦੁਸ਼ਮਣ ਬਣ ਗਏ ਹਨ।
ਲਾਰੈਂਸ ਬਿਸ਼ਨੋਈ ਨੇ ਸਾਲ 2023 ‘ਚ ਜੇਲ ਤੋਂ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ ਲਾਰੇਂਸ ਨੇ ਸਲਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਮੁਆਫੀ ਨਾ ਮੰਗੀ ਤਾਂ ਨਤੀਜੇ ਬੁਰੇ ਹੋਣਗੇ। ਲਾਰੇਂਸ ਬਿਸ਼ਨੋਈ ਨੇ ਕਈ ਵਾਰ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚੀ ਹੈ। ਇਸ ਸਾਲ ਵੀ ਬਿਸ਼ਨੋਈ ਗੈਂਗ ਦੇ ਲੋਕਾਂ ਨੇ ਸਲਮਾਨ ਦੇ ਘਰ ਦੀ ਬਾਲਕੋਨੀ ‘ਚ ਗੋਲੀਆਂ ਚਲਾਈਆਂ ਸਨ। ਮਹਾਰਾਸ਼ਟਰ ਸਰਕਾਰ ਨੇ ਸਲਮਾਨ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਹੋਏ ਦੋ ਸ਼ੂਟਰ
ਇਸ ਦੌਰਾਨ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਮੁਤਾਬਕ ਪ੍ਰਵੀਨ ਅਤੇ ਸ਼ੁਭਮ ਨੇ ਕਤਲ ਦਾ ਕੰਮ ਦੋ ਕਥਿਤ ਨਿਸ਼ਾਨੇਬਾਜ਼ਾਂ ਨੂੰ ਸੌਂਪਿਆ ਸੀ, ਜਿਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਦਾ ਵਸਨੀਕ ਹੈ ਅਤੇ ਦੂਜਾ ਸ਼ਿਵਕੁਮਾਰ ਗੌਤਮ ਹੈ। ਗੌਤਮ ਫਰਾਰ ਹੈ, ਜਦਕਿ ਪੁਲਿਸ ਨੇ ਇੱਕ ਹੋਰ ਕਥਿਤ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗੁਰਮੇਲ ਬਲਜੀਤ ਸਿੰਘ (23) ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।