The News Post Punjab

ਸਨੈਪਚੈਟ ਆਈਡੀ ਨੂੰ ਮਸ਼ਹੂਰ ਕਰਨ ਦਾ ਝਾਂਸਾ ਦੇ ਕੇ ਹਾਸਲ ਕੀਤਾ ਪਾਸਵਰਡ, ਸੋਸ਼ਲ ਮੀਡੀਆ ਹੈਕ ਕਰ ਕੇ ਨਬਾਲਗ ਦੀਆਂ ਤਸਵੀਰਾਂ ਕੀਤੀਆਂ ਐਡਿਟ

ਲੁਧਿਆਣਾ : ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿਣ ਵਾਲੀ ਲੜਕੀ ਦੇ ਸਨੈਪਚੈਟ ਆਈਡੀ ਨੂੰ ਮਸ਼ਹੂਰ ਕਰਨ ਦਾ ਝਾਂਸਾ ਦੇ ਕੇ ਨੌਜਵਾਨ ਨੇ ਉਸ ਕੋਲੋਂ ਓਟੀਪੀ ਹਾਸਿਲ ਕਰ ਲਿਆ l ਮੁਲਜ਼ਮ ਨੇ ਨਾਬਾਲਗ ਦਾ ਸਨੈਪਚੈਟ, ਵ੍ਹਟਸਐਪ ਤੇ ਇੰਸਟਾਗਰਾਮ ਹੈਕ ਕਰ ਕੇ ਉਸਦੀਆਂ ਤਸਵੀਰਾਂ ਐਡਿਟ ਕਰ ਦਿੱਤੀਆਂl ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਤਾਜਪੁਰ ਰੋਡ ਦੇ ਇਕ ਇਲਾਕੇ ਦੀ ਰਹਿਣ ਵਾਲੀ 17 ਸਾਲ ਦੀ ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਦਾ ਵਾਕਫ ਹੈl

ਮੁਲਜ਼ਮ ਨੇ ਉਸ ਦਾ ਸਨੈਪਚੈਟ ਆਈਡੀ ਪਪੂਲਰ ਕਰਨ ਦੀ ਗੱਲ ਆਖ ਕੇ ਉਸ ਕੋਲੋਂ ਓਟੀਪੀ ਹਾਸਿਲ ਕੀਤਾ ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਪੂਰਾ ਸੋਸ਼ਲ ਨੈਟਵਰਕ ਹੈਕ ਕਰ ਲਿਆ ਤੇ ਉਸ ਦੀਆਂ ਤਸਵੀਰਾਂ ਐਡਿਟ ਕਰ ਕੇ ਵਾਇਰਲ ਕਰਨ ਦੀ ਧਮਕੀ ਦਿੱਤੀl ਮੁਲਜ਼ਮ ਲੜਕੀ ਨੂੰ ਫੋਨ ਕਰ ਕੇ ਜ਼ਬਰਦਸਤੀ ਗੱਲ ਕਰਨ ਲਈ ਮਜਬੂਰ ਕਰਨ ਲੱਗ ਪਿਆl ਉਸਨੇ ਧਮਕੀ ਦਿੱਤੀ ਕਿ ਜੇਕਰ ਲੜਕੀ ਨੇ ਉਸ ਨਾਲ ਗੱਲ ਨਾ ਕੀਤੀ ਤਾਂ ਉਹ ਉਸ ਦੀਆਂ ਤਸਵੀਰਾਂ ਵਾਇਰਲ ਕਰ ਦੇਵੇਗਾl ਐਨਾ ਹੀ ਨਹੀਂ ਮੁਲਜ਼ਮ ਨੇ ਮੰਦਰ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਲੜਕੀ ਦਾ ਹੱਥ ਫੜ ਕੇ ਉਸ ਨੂੰ ਸਕੂਟਰ ‘ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤੇ ਹੱਥ ਫੜ ਕੇ ਉਸ ਨਾਲ ਫੋਟੋ ਖਿੱਚੀl ਸ਼ਿਕਾਇਤ ਮਿਲਣ ਤੋਂ ਬਾਅਦ ਇੰਸਪੈਕਟਰ ਭਗਤਵੀਰ ਸਿੰਘ ਨੇ ਕੇਸ ਦੀ ਪੜਤਾਲ ਕਰ ਕੇ ਮੁਲਜ਼ਮ ਨਿਤੀਸ਼ ਖਿਲਾਫ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀl ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਆਈਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈl

Exit mobile version