ਫਾਜ਼ਿਲਕਾ ਦੀ ਭੈਰੋਂ ਬਸਤੀ ‘ਚ ਕੁੜੀ ਦੇ ਚੱਕਰ ‘ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੋਹਾਂ ਭਰਾਵਾਂ ਦੇ ਸੰਪਰਕ ‘ਚ ਸੀ। ਜਦੋਂ ਇਸ ਗੱਲ ਦਾ ਪਤਾ ਵੱਡੇ ਭਰਾ ਨੂੰ ਲੱਗਿਆ ਤਾਂ ਉਹ ਗੁੱਸੇ ‘ਚ ਆ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਲੜਾਈ ਦੌਰਾਨ ਛੋਟੇ ਭਰਾ ਦੇ ਪਹਿਲਾਂ ਇੱਟ ਨਾਲ ਵਾਰ ਕੀਤਾ ਤੇ ਫ਼ਿਰ ਕਿਰਚ ਮਾਰ ਕੇ ਉਸ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇੱਥੇ ਹੀ ਬੱਸ ਨਹੀਂ, ਉਸ ਨੇ ਭਰਾ ਦੀ ਲਾਸ਼ ਦੀ ਫੋਟੋ ਆਪਣੀ ਛੋਟੀ ਭੈਣ ਨੂੰ ਵੀ ਭੇਜੀ ਤੇ ਕਿਹਾ ਕਿ ਮੈਂ ਭਰਾ ਦਾ ਕੰਮ ਤਮਾਮ ਕਰ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਭੈਣ ਕੋਮਲ ਨੇ ਦੱਸਿਆ ਕਿ ਇਕ ਲੜਕੀ ਦੋਵਾਂ ਭਰਾਵਾਂ ਦੇ ਸੰਪਰਕ ‘ਚ ਸੀ ਤੇ ਦੋਹਾਂ ਨਾਲ ਗੱਲਬਾਤ ਕਰ ਰਹੀ ਸੀ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਦੀ ਲੜਾਈ ਹੋ ਗਈ। ਸ਼ਰਾਬ ਦੇ ਨਸ਼ੇ ‘ਚ ਇਹ ਲੜਾਈ ਖੂਨੀ ਟਕਰਾਅ ‘ਚ ਬਦਲ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਕਸ਼ਿਅਪ ਨੇ ਦੱਸਿਆ ਕੇ ਉਸ ਦੇ ਦੋਵੇਂ ਪੁੱਤਰ ਅਜੈ ਕੁਮਾਰ ਅਤੇ ਸ਼ਿਵਾ ਸ਼ਰਾਬ ਪੀਣ ਦੇ ਆਦੀ ਹਨ ਤੇ ਅਕਸਰ ਹੀ ਸ਼ਰਾਬ ਪੀ ਕੇ ਲੜਾਈ-ਝਗੜਾ ਕਰਦੇ ਰਹਿੰਦੇ ਸਨ। ਬੀਤੀ ਰਾਤ ਵੀ ਦੋਹਾਂ ਨੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਅੰਦਰ ਜਾ ਕੇ ਸੌਂ ਗਏ। ਰਾਤ ਨੂੰ ਦੋਵਾਂ ਵਿਚ ਲੜਾਈ ਹੋ ਗਈ। ਇਸ ਦੌਰਾਨ ਅਜੈ ਕੁਮਾਰ ਨੇ ਜ਼ਮੀਨ ‘ਤੇ ਡਿੱਗੇ ਸ਼ਿਵਾ ‘ਤੇ ਇੱਟ ਨਾਲ ਜ਼ੋਰਦਾਰ ਵਾਰ ਕੀਤਾ ਅਤੇ ਫਿਰ ਉਸ ‘ਤੇ ਕਿਰਚ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਲੁਧਿਆਣਾ ‘ਚ ਕੰਮ ਕਰਦੀ ਆਪਣੀ 19 ਸਾਲਾ ਭੈਣ ਨੂੰ ਫ਼ੋਨ ਕਰ ਕੇ ਦੱਸਣ ਲੱਗ ਪਿਆ ਕਿ ਉਸ ਨੇ ਆਪਣੇ ਭਰਾ ਸ਼ਿਵਾ ਦਾ ਕੰਮ ਤਮਾਮ ਕਰ ਦਿੱਤਾ ਹੈ, ਜੋ ਅਕਸਰ ਉਸ ਨਾਲ ਲੜਦਾ ਰਹਿੰਦਾ ਸੀ। ਜਦੋਂ ਉਸ ਦੀ ਭੈਣ ਨੇ ਉਸ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਤੋਂ ਸ਼ਿਵਾ ਦੀ ਲਾਸ਼ ਦੀ ਫੋਟੋ ਭੇਜ ਦਿੱਤੀ। ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਐੱਸ.ਐੱਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਸ਼ਨ ਕਸ਼ਯਪ ਵਾਸੀ ਫਾਜ਼ਿਲਕਾ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਅਜੇ ਕੁਮਾਰ ਦੇ ਖ਼ਿਲਾਫ਼ ਧਾਰਾ 304 ਆਈ.ਪੀ.ਸੀ 105 ਬੀ.ਐੱਨ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।