ਰੁੱਸੀ ਘਰਵਾਲੀ ਨੂੰ ਮਨਾਉਣ ਸਹੁਰੇ ਘਰ ਪੁੱਜੇ ਸ਼ਖ਼ਸ ਨਾਲ ਜੋ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ
ਜਗਰਾਓਂ ਨੇੜਲੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਘਰੇਲੂ ਝਗੜੇ ਕਾਰਨ ਗਈ ਆਪਣੀ ਪਤਨੀ ਨੂੰ ਲੈਣ ਆਏ ਸ਼ਰਾਬ ਦੇ ਨਸ਼ੇ ’ਚ ਧੁੱਤ ਵਿਅਕਤੀ ਨੂੰ ਰਾਤ ਸਮੇਂ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਲਸੀਆਂ ਭਾਈਕੇ ਵਜੋਂ ਹੋਈ ਹੈ। ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਪਰ ਪਰਿਵਾਰ ਨੂੰ ਸੋਮਵਾਰ ਸਵੇਰੇ ਇਸ ਦਾ ਪਤਾ ਲੱਗਾ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਦੁਪਹਿਰ ਬਾਅਦ ਸਰਕਾਰੀ ਹਸਪਤਾਲ ਜਗਰਾਓਂ ਵਿਖੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮ੍ਰਿਤਕ ਦੀ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਸ ਨੂੰ ਮਨਾਉਣ ਲਈ ਉਹ ਪਿੰਡ ਰਾਮਗੜ੍ਹ ਭੁੱਲਰ ਗਿਆ ਸੀ ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਪਤਨੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
ਇਸ ਲਈ ਉਸ ਨੇ ਰਸਤੇ ‘ਚ ਸ਼ਰਾਬ ਪੀਤੀ ਹੋਵੇਗੀ, ਜਿਸ ਤੋਂ ਬਾਅਦ ਉਹ ਉੱਥੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਇਸ ਦੌਰਾਨ ਪਿੰਡ ’ਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਨੇ ਮ੍ਰਿਤਕ ਨੂੰ ਨਾ ਸਿਰਫ ਰਗੜਿਆ, ਸਗੋਂ ਉਸ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ’ਚੋਂ ਮਾਸ ਵੀ ਕੱਢ ਕੇ ਖਾ ਲਿਆ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਸ਼ਰਾਬ ਦੇ ਨਸ਼ੇ ’ਚ ਬੇਹੋਸ਼ ਹੋ ਚੁੱਕੇ ਮ੍ਰਿਤਕ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਕੁੱਤੇ ਖਾ ਰਹੇ ਹਨ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।