ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਅਹੁਦਾ ਛੱਡਣ ਵਾਲੇ ਹਨ। ਅਖਬਾਰ ਦਿ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਜਸਟਿਨ ਟਰੂਡੋ ਸੋਮਵਾਰ (6 ਜਨਵਰੀ) ਨੂੰ ਅਸਤੀਫਾ ਦੇ ਸਕਦੇ ਹਨ। ਲਿਬਰਲ ਪਾਰਟੀ ਵਿੱਚ ਵੱਧ ਰਹੇ ਵਿਵਾਦ ਅਤੇ ਮੈਂਬਰਾਂ ਵੱਲੋਂ ਉਨ੍ਹਾਂ ‘ਤੇ ਪਾਏ ਜਾ ਰਹੇ ਦਬਾਅ ਕਰਕੇ ਟਰੂਡੋ ਨੇ ਇਹ ਵੱਡਾ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ।
ਦਿ ਗਲੋਬ ਐਂਡ ਮੇਲ ਦੇ ਅਨੁਸਾਰ, ਲਿਬਰਲ ਪਾਰਟੀ ਦੇ ਅੰਦਰ ਅਸੰਤੁਸ਼ਟੀ ਅਤੇ ਅੰਦਰੂਨੀ ਲੜਾਈ ਵਧਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਪ੍ਰਮੁੱਖ ਸੂਤਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਟਰੂਡੋ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ (8 ਜਨਵਰੀ) ਨੂੰ ਨੈਸ਼ਨਲ ਲਿਬਰਲ ਪਾਰਟੀ ਦੀ ਸੰਸਦੀ ਪਾਰਟੀ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਟਰੂਡੋ ਦੇ ਅਸਤੀਫੇ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਅਸਤੀਫੇ ਦਾ ਕਾਰਨ
ਲਿਬਰਲ ਪਾਰਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਹੁਣ ਜਸਟਿਨ ਟਰੂਡੋ ਦੀ ਅਗਵਾਈ ਹੇਠ ਪਾਰਟੀ ਲਈ ਅਗਲੀਆਂ ਚੋਣਾਂ ਜਿੱਤਣਾ ਮੁਸ਼ਕਲ ਹੈ। ਪਾਰਟੀ ਅੰਦਰ ਉਨ੍ਹਾਂ ਵਿਰੁੱਧ ਨਾਰਾਜ਼ਗੀ ਵਧਦੀ ਜਾ ਰਹੀ ਹੈ ਅਤੇ ਇਸ ਨਾਰਾਜ਼ਗੀ ਦਾ ਨਤੀਜਾ ਹੈ ਕਿ ਸੰਸਦ ਮੈਂਬਰਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਟਾਉਣ ਲਈ Signature Campaign ਵੀ ਚਲਾਈ ਗਈ ਸੀ। ਇਸ ਦੌਰਾਨ ਟਰੂਡੋ ਨੂੰ ਕਈ ਔਖੇ ਸਵਾਲ ਪੁੱਛੇ ਗਏ। ਇਸ ਕਾਰਨ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਪੈ ਰਿਹਾ ਹੈ।
ਭਵਿੱਖ ਦੀਆਂ ਸੰਭਾਵਨਾਵਾਂ
ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲਿਬਰਲ ਪਾਰਟੀ ਨੂੰ ਕੋਈ ਨਵਾਂ ਨੇਤਾ ਮਿਲਣ ਤੱਕ ਟਰੂਡੋ ਅੰਤਰਿਮ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ। ਪਾਰਟੀ ਦੀ ਲਗਾਤਾਰ ਵਿਗੜਦੀ ਹਾਲਤ ਨੂੰ ਦੇਖਦਿਆਂ ਹੋਇਆਂ ਸੰਭਵ ਹੈ ਕਿ ਉਹ ਜਲਦੀ ਹੀ ਅਸਤੀਫਾ ਦੇ ਸਕਦੇ ਹਨ। ਲਿਬਰਲ ਪਾਰਟੀ ਦੇ ਕਈ ਨੇਤਾਵਾਂ ਅਤੇ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਜੇਕਰ ਟਰੂਡੋ ਨੇ ਅਸਤੀਫਾ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ‘ਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਗੇ ਕੀ ਹੋ ਸਕਦਾ ਹੈ?
ਜੇਕਰ ਜਸਟਿਨ ਟਰੂਡੋ ਅਸਤੀਫਾ ਦੇ ਦਿੰਦੇ ਹਨ ਤਾਂ ਲਿਬਰਲ ਪਾਰਟੀ ਨੂੰ ਨਵੇਂ ਨੇਤਾ ਦੀ ਭਾਲ ਕਰਨੀ ਪਵੇਗੀ ਜੋ ਪਾਰਟੀ ਨੂੰ ਮੁੜ ਸੰਗਠਿਤ ਕਰ ਸਕੇ ਅਤੇ ਜਨਤਾ ਦਾ ਵਿਸ਼ਵਾਸ ਜਿੱਤ ਸਕੇ। ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪਾਈਲੀਵਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਕੈਨੇਡਾ ਦੀ ਸਿਆਸੀ ਸਥਿਤੀ ਕਾਫੀ ਦਿਲਚਸਪ ਹੁੰਦੀ ਜਾ ਰਹੀ ਹੈ ਅਤੇ ਜਸਟਿਨ ਟਰੂਡੋ ਦਾ ਅਸਤੀਫਾ ਇਸ ਦਿਸ਼ਾ ਵਿੱਚ ਨਵਾਂ ਮੋੜ ਲਿਆ ਸਕਦਾ ਹੈ।
