ਨੈਸ਼ਨਲ ਹਾਈਵੇ ‘ਤੇ ਸਥਿਤ ਪੰਜਾਬ ਸਮੇਤ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ‘ਤੇ ਪਿਛਲੇ 6 ਦਿਨਾਂ ਤੋਂ ਕਿਸਾਨ ਸੰਗਠਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਇਹ ਧਰਨਾ ਲਗਾਇਆ ਗਿਆ ਹੈ। ਇਸ ਦੌਰਾਨ ਸਾਰੇ ਵਾਹਨਾਂ ਨੂੰ ਮੁਫ਼ਤ ਵਿਚ ਇੱਥੋਂ ਲੰਘਾਇਆ ਜਾ ਰਿਹਾ ਹੈ। ਇਸ ਵਿਚਾਲੇ ਅੱਜ ਕਿਸਾਨਾਂ ਵੱਲੋਂ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਐਲਾਨ ਕੀਤਾ ਕਿ ਜੇਕਰ 30 ਜੂਨ ਤਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 30 ਜੂਨ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਵੱਖ-ਵੱਖ ਸੰਗਠਨ ਟੋਲ ਪਲਾਜ਼ਾ ‘ਤੇ ਰਲ਼ ਕੇ ਵੱਡਾ ਇਕੱਢ ਕਰਨਗੇ। ਇਸ ਮਗਰੋਂ ਟੋਲ ਪਲਾਜ਼ਾ ਨੂੰ ਪੱਕੇ ਤੌਰ ‘ਤੇ ਬੰਦ ਕਰਵਾ ਕੇ ਤਾਲੇ ਲਗਾ ਦੇਣਗੇ।
ਕਿਸਾਨਾਂ ਨੇ ਕਿਹਾ ਕਿ ਪਿਛਲੇ 6 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਜਾਰੀ ਹੈ। ਵਾਹਨ ਚਾਲਕਾਂ ਨੂੰ ਮੁਫ਼ਤ ਵਿਚ ਇੱਥੋਂ ਕਢਵਾਇਆ ਜਾ ਰਿਹਾ ਹੈ। ਜੇਕਰ ਇਹ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਟੋਲ ਰੇਟਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਨਹੀਂ ਲਿਆ ਜਾਂਦਾ, ਉਹ ਧਰਨਾ ਜਾਰੀ ਰੱਖਣਗੇ।