The News Post Punjab

ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ

ਬਲਾਕ ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਵਸਨੀਕ ਹਰਭਿੰਦਰ ਸਿੰਘ ਪੱਪੂ ਦੀ ਖ਼ੁਸ਼ੀ ਦਾ ਟਿਕਾਣਾ ਉਸ ਵੇਲੇ ਨਾ ਰਿਹਾ ਜਦੋਂ ਉਹ ਰਾਤੋਂ-ਰਾਤ 10 ਕਰੋੜ ਰੁਪਏ ਦਾ ਮਾਲਕ ਬਣ ਗਿਆ। ਹਰਭਿੰਦਰ ਸਿੰਘ ਦਾ ਪੰਜਾਬ ਸਟੇਟ ਲਾਟਰੀ ਡੀਅਰ ਬੰਪਰ ਦੀ ਟਿਕਟ ਤੋਂ 10 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ।
ਸਊਦੀ ਅਰਬ ‘ਚ ਡਰਾਈਵਿੰਗ ਦਾ ਕੰਮ ਕਰਨ ਵਾਲਾ ਹਰਭਿੰਦਰ ਸਿੰਘ ਕੁਝ ਸਮਾਂ ਪਹਿਲਾਂ ਹੀ ਕੁਝ ਕਾਰਨ ਦੇ ਚੱਲਦਿਆਂ ਘਰ ਵਾਪਸ ਆ ਗਿਆ ਸੀ। ਬੀਤੇ ਦਿਨੀਂ ਲੋਹੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲਾਟਰੀ ਸਟਾਲ ਤੋਂ ਉਸ ਨੇ 500-500 ਦੀਆਂ ਦੋ ਟਿਕਟਾਂ ਖ਼ਰੀਦੀਆਂ। ਇਹ ਟਿਕਟ ਖ਼ਰੀਦ ਕੇ ਪੂਰੇ ਪਰਿਵਾਰ ਨੇ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਦਰਬਾਰ ‘ਤੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਸੀ।

ਲਾਟਰੀ ਵਿਜੇਤਾ ਹਰਭਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਜਦੋਂ ਉਸ ਦੀ ਟਿਕਟ ਨੰਬਰ ਬੀ-566370 ਦਾ ਡਰਾਅ ਨਿਕਲਣ ਸਬੰਧੀ ਪਤਾ ਲੱਗਿਆ ਤਾਂ ਪੂਰੇ ਪਰਿਵਾਰ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਹਰਭਿੰਦਰ ਅਤੇ ਉਸ ਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਗੇ ਅਤੇ ਉਸ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੀ ਸਹਾਇਤਾ ਲਈ ਖ਼ਰਚ ਕਰਨਗੇ। ਇਸ ਸਬੰਧੀ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਲੱਕੀ ਨੇ ਦੱਸਿਆ 25 ਸਾਲਾਂ ਦੇ ਉਨ੍ਹਾਂ ਦੇ ਇਸ ਕਾਰੋਬਾਰ ਦੇ ਇਤਿਹਾਸ ‘ਚ ਪਹਿਲੀ ਵਾਰ ਇੰਨੀ ਵੱਡੀ ਲਾਟਰੀ ਦਾ ਇਨਾਮ ਜ਼ਿਲ੍ਹਾ ਰੋਪੜ ਦੇ ਹਿੱਸੇ ਆਇਆ ਹੈ। ਜਿਸ ਲਈ ਉਹ ਉਨ੍ਹਾਂ ਨੂੰ ਮੁਬਾਰਕਬਾਦ ਭੇਟ ਕਰਦੇ ਹਨ ਅਤੇ ਜਲਦੀ ਹੀ ਉਹ ਡਾਇਰੈਕਟਰ ਦਫ਼ਤਰ ਤੋਂ ਲੈਟਰੀ ਦੀ ਟਿਕਟ ਕੈਸ਼ ਕਰਵਾ ਕੇ ਉਨ੍ਹਾਂ ਨੂੰ ਉਕਤ ਇਨਾਮ ਰਾਸ਼ੀ ਦਿਲਾਉਣਗੇ।

Exit mobile version