ਨਾਬਾਲਗ ਬੱਚੀਆਂ ਨਾਲ ਜਬਰ-ਜ਼ਿਨਾਹ ਅਤੇ ਸਰੀਰਕ ਸ਼ੋਸ਼ਣ ਵਰਗੀਆਂ ਘਟਨਾਵਾਂ ਸਾਡੇ ਸਮਾਜ ’ਚ ਆਮ ਹੁੰਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਥਾਣਾ ਸਾਹਨੇਵਾਲ ਦੇ ਇਕ ਇਲਾਕੇ ਦੀ ਸਾਹਮਣੇ ਆਈ ਹੈ। ਥਾਣਾ ਸਾਹਨੇਵਾਲ ਦੀ ਚੌਕੀ ਕੰਗਣਵਾਲ ਦੇ ਇਲਾਕੇ ਦੀ ਰਹਿਣ ਵਾਲੀ ਇਕ ਲਾਚਾਰ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਨਾਲ ਕੁਝ ਦਰਿੰਦਿਆਂ ਨੇ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ। ਪੁਲਸ ਨੂੰ ਦਿੱਤੀ ਗਈ ਜਾਣਕਾਰੀ ’ਚ ਇਕ ਮਾਂ ਨੇ ਦੱਸਿਆ ਕਿ ਉਸ ਦੀ 6ਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਧੀ ਨਾਲ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਦੋ ਲੜਕਿਆਂ ਜੋ ਸਕੇ ਭਰਾ ਹਨ ਨੇ ਜਬਰ-ਜ਼ਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਚੌਕੀ ਕੰਗਣਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੇ ਧਾਰ ’ਤੇ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਨੇ ਦੋ ਸਕੇ ਭਰਾਵਾਂ ਸ਼ਿਵ ਅਤੇ ਮਹਿੰਦਰ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।