ਜ਼ਿਲ੍ਹਾ ਲੁਧਿਆਣਾ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 16 ਸਾਲਾਂ ਦੀ ਇਕ ਨਾਬਾਲਗ ਕੁੜੀ ਨਾਲ 3 ਦੋਸ਼ੀਆਂ ਨੇ 17 ਦਿਨਾਂ ਤੱਕ ਗੈਂਗਰੇਪ ਕੀਤਾ। ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮਾਤਾ-ਪਿਤਾ ਤੋਂ ਗੁੱਸੇ ਹੋ ਕੇ ਘਰੋਂ ਭੱਜੀ 16 ਸਾਲਾਂ ਦੀ ਕੁੜੀ 3 ਦੋਸਤਾਂ ਦੇ ਹੱਥੇ ਚੜ੍ਹ ਗਈ। ਤਿੰਨੇ ਕੁੜੀ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੇ ਕਮਰੇ ‘ਚ ਲੈ ਗਏ।
ਇੱਥੇ ਦੋਸ਼ੀਆਂ ਨੇ 17 ਦਿਨਾਂ ਤੱਕ ਇਕ-ਇਕ ਕਰਕੇ ਨਾਬਾਲਗਾ ਨਾਲ ਜ਼ਬਰਨ ਸਮੂਹਿਕ ਜਬਰ-ਜ਼ਿਨਾਹ ਵਰਗੀ ਘਟੀਆ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ‘ਚ ਥਾਣਾ ਹੈਬੋਵਾਲ ਦੀ ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ 3 ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਬੀਤੀ 8 ਅਪ੍ਰੈਲ ਨੂੰ ਉਸ ਦੀ ਵੱਡੀ ਧੀ ਘਰੋਂ ਝਗੜਾ ਕਰਕੇ ਭੱਜ ਗਈ, ਜਿਸ ਤੋਂ ਬਾਅਦ ਢੰਡਾਰੀ ਰੇਲਵੇ ਸਟੇਸ਼ਨ ‘ਤੇ ਪੁੱਜੀ।
ਇਸ ਦੌਰਾਨ ਉਸ ਦੀ ਮੁਲਾਕਾਤ ਉਕਤ ਇਕ ਦੋਸ਼ੀ ਨਾਲ ਹੋਈ, ਜੋ ਉਸ ਨੂੰ ਗੱਲਾਂ ‘ਚ ਉਲਝਾ ਕੇ ਆਪਣੇ ਕਮਰੇ ‘ਚ ਲੈ ਗਿਆ, ਜਿੱਥੇ ਉਕਤ ਦੋਸ਼ੀ ਆਪਣੇ ਸਾਥੀਆਂ ਸਮੇਤ ਉਸ ਨਾਲ ਗੈਂਗਰੇਪ ਕਰਦਾ ਰਿਹਾ। ਉਹ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਘਰ ਪੁੱਜੀ ਅਤੇ ਮਾਂ ਨੂੰ ਸਾਰੀ ਗੱਲਬਾਤ ਦੱਸੀ। ਫਿਲਹਾਲ ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਦਬੋਚ ਲਿਆ ਜਾਵੇਗਾ।