Flash News Punjab

ਪੰਜਾਬ ‘ਚ ਮੁੜ ਵਧਿਆ ਤਾਪਮਾਨ, 24 ਘੰਟਿਆਂ ‘ਚ ਔਸਤਨ 4 ਡਿਗਰੀ ਦਾ ਵਾਧਾ ਦਰਜ

ਪੰਜਾਬ ‘ਚ ਦੋ ਦਿਨਾਂ ਤੋਂ ਸਰਗਰਮ ਮਾਨਸੂਨ ਤੋਂ ਬਾਅਦ ਤਾਪਮਾਨ ‘ਚ ਫਿਰ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਦੀ ਤੁਲਨਾ ‘ਚ ਸ਼ਨੀਵਾਰ ਸ਼ਾਮ ਨੂੰ ਰਿਕਾਰਡ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ‘ਚ ਔਸਤਨ 4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਯਾਨੀ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸ਼ਨੀਵਾਰ ਦੀ ਤਰ੍ਹਾਂ ਅੱਜ ਯਾਨੀ ਐਤਵਾਰ ਨੂੰ ਵੀ ਮੌਸਮ ਵਿਗਿਆਨ ਕੇਂਦਰ ਨੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪਰ ਅੱਜ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ, ਪਰ ਇਹ ਸਿਰਫ ਕੁਝ ਖੇਤਰਾਂ ਵਿੱਚ ਹੀ ਹੋਵੇਗਾ। ਜਿਸ ਕਾਰਨ ਨਮੀ ਵਧੇਗੀ ਅਤੇ ਲੋਕ ਚਿਪਚਿਪਾਹਟ ਤੋਂ ਪ੍ਰੇਸ਼ਾਨ ਹੋਣਗੇ।

ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਦੀ ਗੱਲ ਕਰੀਏ ਤਾਂ ਸੰਭਾਵਨਾ ਦੇ ਬਾਵਜੂਦ ਪੰਜਾਬ ‘ਚ ਕਿਤੇ ਵੀ ਮੀਂਹ ਨਹੀਂ ਪਿਆ। ਜੂਨ ਦੇ ਆਖ਼ਰੀ ਦਿਨਾਂ ਵਿੱਚ ਮੌਨਸੂਨ ਦੀ ਆਮਦ ਤੋਂ ਬਾਅਦ ਵੀ ਅਜੇ ਤੱਕ ਭਾਰੀ ਮੀਂਹ ਨਹੀਂ ਪਿਆ ਹੈ।

ਮੌਸਮ ਵਿਭਾਗ ਅਨੁਸਾਰ 1 ਤੋਂ 13 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ ਹਨ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ ‘ਤੇ ਸੂਬੇ ‘ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 49.2 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।

LEAVE A RESPONSE

Your email address will not be published. Required fields are marked *