The News Post Punjab

ਨਵੀਂ ਨੂੰਹ ਨੇ ਵੱਸਣ ਤੋਂ ਪਹਿਲਾਂ ਹੀ ਚੜ੍ਹਾ ‘ਤਾ ਚੰਨ, ਪਤੀ ਸਣੇ ਸਹੁਰੇ ਪਰਿਵਾਰ ਦੇ ਉੱਡੇ ਹੋਸ਼

ਤਲਾਕ ਤੋਂ ਬਾਅਦ ਦੂਜਾ ਵਿਆਹ ਕਰਵਾ ਕੇ ਘਰ ਆਈ ਨਵੀਂ ਨੂੰਹ ਨੇ ਆਪਣੇ ਪਤੀ ਅਤੇ ਸੱਸ ਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਅਤੇ ਘਰ ਵਿਚੋਂ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਇਸ ਨੂੰ ਲੈ ਕੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਨਵੀਂ ਪਤਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 2 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਨੇੜੇ ਕਾਸੂ ਬੇਗੂ ਰੇਲਵੇ ਸਟੇਸ਼ਨ ਨੇ ਪੁਲਸ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਕਿ ਉਹ ਸਾਊਦੀ ਅਰਬ ਅਤੇ ਦੋਹਾਕਤਰ ’ਚ ਕਰੀਬ 13 ਸਾਲਾਂ ਤੋਂ ਡਰਾਈਵਰੀ ਦਾ ਕੰਮ ਕਰ ਰਿਹਾ ਹੈ ਅਤੇ ਉਸ ਦਾ ਵਿਆਹ ਅਮਨਦੀਪ ਕੌਰ ਨਾਂ ਦੀ ਕੁੜੀ ਨਾਲ ਸਾਲ 2013 ’ਚ ਹੋਇਆ ਸੀ ਅਤੇ ਲੜਾਈ-ਝਗੜੇ ਕਾਰਨ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

ਸ਼ਿਕਾਇਤਕਰਤਾ ਅਨੁਸਾਰ ਦੇਵ ਨਾਂ ਦੇ ਵਿਚੋਲੇ ਨੇ ਸ਼ਿਕਾਇਤਕਰਤਾ ਦਾ ਦੂਜਾ ਵਿਆਹ ਕਰਵਾਉਣ ਲਈ ਉਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਸ਼ਿਕਾਇਤਕਰਤਾ ਦਾ ਵਿਆਹ ਮਨਪ੍ਰੀਤ ਕੌਰ ਉਰਫ਼ ਨੀਰੂ ਵਾਸੀ ਬਾਬਾ ਜੀਵਨ ਸਿੰਘ ਡਗਰੂ ਜ਼ਿਲ੍ਹਾ ਮੋਗਾ ਨਾਲ ਕਰਵਾ ਦਿੱਤਾ। ਇਸ ਮਾਮਲੇ ’ਚ ਨਾਮਜ਼ਦ ਲੋਕਾਂ ਨੇ ਕੁੜੀ ਨੂੰ ਭੇਜਣ ਤੋਂ ਪਹਿਲਾਂ ਇਕ ਲੱਖ ਰੁਪਏ ਦੇਣ ਦੀ ਮੰਗ ਕੀਤੀ, ਜੋ ਸ਼ਿਕਾਇਤਕਰਤਾ ਨੇ 85 ਹਜ਼ਾਰ ਰੁਪਏ ਇਕੱਠੇ ਕਰ ਕੇ ਨਾਮਜ਼ਦ ਲੋਕਾਂ ਨੂੰ ਦੇ ਦਿੱਤੇ ਅਤੇ ਮਨਪ੍ਰੀਤ ਨੂੰ ਆਪਣੇ ਨਾਲ ਘਰ ਲੈ ਗਿਆ। ਸ਼ਿਕਾਇਤਕਰਤਾ ਸੁਖਦੇਵ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮਨਪ੍ਰੀਤ ਕੌਰ ਨੇ ਰਾਤ ਨੂੰ ਸ਼ਿਕਾਇਤਕਰਤਾ ਅਤੇ ਉਸ ਦੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਅਤੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ।

ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਲਿਖ਼ਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮਨਪ੍ਰੀਤ ਕੌਰ ਉਰਫ਼ ਨੀਰੂ, ਵਿਛੋਲਾ ਦੇਵ, ਗੋਪੀ ਪੁੱਤਰ ਸੁਰਜੀਤ ਸਿੰਘ, ਮਨਪ੍ਰੀਤ ਕੌਰ ਦੇ ਜੀਜਾ ਗੁਰਪ੍ਰੀਤ ਸਿੰਘ ਉਰਫ਼ ਦੀਪੂ, ਪਰਮਜੀਤ ਕੌਰ ਪੰਮੀ ਪਤਨੀ ਗੁਰਪ੍ਰੀਤ ਸਿੰਘ ਉਰਫ਼ ਦੀਪੂ, ਰਸ਼ਨਦੀਪ ਕੌਰ ਉਰਫ਼ ਰਸ਼ਨ, ਸਿਕੰਦਰ ਸਿੰਘ ਵਾਸੀ ਪਿੰਡ ਹਰਦਾਸਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਗਿਰੋਹ ਬਣਾ ਕੇ ਵਿਆਹ ਦੀ ਸ਼ਾਜਿਸ਼ ਕਰ ਕੇ ਸ਼ਿਕਾਇਤਕਰਤਾ ਦੇ ਘਰੋਂ ਸੋਨੇ ਦੇ ਗਹਿਣੇ ਅਤੇ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲਸ ਨੇ ਗੁਰਪ੍ਰੀਤ ਸਿੰਘ ਅਤੇ ਸਿਕੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। Hi

Exit mobile version