ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ, ਜਿਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਮੁਰਮੂ ਨੇ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਣ ਤੱਕ ਅਹੁਦੇ ‘ਤੇ ਬਣੇ ਰਹਿਣ। ਰਾਸ਼ਟਰਪਤੀ ਵਲੋਂ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਬੁੱਧਵਾਰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਮੰਤਰੀ ਪ੍ਰੀਸ਼ਦ ਨਾਲ ਆਪਣਾ ਅਸਤੀਫ਼ਾ ਸੌਂਪ ਦਿੱਤਾ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਦਿਨ ‘ਚ ਕੇਂਦਰੀ ਮੰਤਰੀਮੰਡਲ ਨੇ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ। ਮੌਜੂਦਾ 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖ਼ਤਮ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਨੇ ਤੀਜੀ ਵਾਰ ਬਹੁਮਤ ਹਾਸਲ ਕਰ ਲਈ ਹੈ। ਐੱਨ.ਡੀ.ਏ. ਗਠਜੋੜ ਨੇ 292 ਸੀਟਾਂ ਜਿੱਤੀਆਂ ਹਨ। ਹਾਲਾਂਕਿ ਭਾਜਪਾ ਇਕੱਲੀ ਬਹੁਮਤ (272) ਦੇ ਅੰਕੜੇ ਨੂੰ ਨਹੀਂ ਛੂਹ ਸਕੀ ਅਤੇ ਉਸ ਨੂੰ 240 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਉੱਥੇ ਹੀ ਵਿਰੋਧੀ ‘ਇੰਡੀਆ’ ਗਠਜੋੜ ਨੇ 234 ਸੀਟਾਂ ‘ਤੇ ਜਿੱਤ ਹਾਸਲ ਕੀਤੀ।
