ਭਾਰਤੀ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਡਰੱਗਜ਼ ਰੈਕਟ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੇਸ਼ ’ਚ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਈਰਾਨ ਦੇ ਚਾਬਹਾਰ ਪੋਰਟ ਤੋਂ ਚੱਲੀ ਕਿਸ਼ਤੀ ਤੋਂ ਪੰਜ ਤਸਕਰਾਂ ਨਾਲ ਹੀ 3300 ਕਿੱਲੋਗ੍ਰਾਮ ਤੋਂ ਵੱਧ ਨਸ਼ੇ ਦੀ ਖੇਪ ਜ਼ਬਤ ਕੀਤੀ ਗਈ ਹੈ। ਇਸ ਨੂੰ ਗੁਜਰਾਤ ਦੀ ਹੱਦ ਤੋਂ 60 ਨੋਟੀਕਲ ਮਾਈਲਜ਼ ਦੀ ਦੂਰੀ ’ਤੇ ਫੜ ਕੇ ਪੋਰਬੰਦਰ ਲਿਆਂਦਾ ਗਿਆ। ਨੈਸ਼ਨਲ ਨਾਰਕੋਟਿਕਸ ਬਿਊਰੋ (ਐੱਨਸੀਬੀ), ਨੇਵੀ ਤੇ ਗੁਜਰਾਤ ਪੁਲਿਸ ਦੀ ਸਾਂਝੀ ਕਾਰਵਾਈ ’ਚ ਮਿਲੀ ਕਾਮਯਾਬੀ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਧਾਈ ਦਿੱਤੀ ਹੈ।
ਐੱਨਸੀਬੀ ਦੇ ਡਾਇਰੈਕਟਰ ਜਨਰਲ ਐੱਸਐੱਨ ਪ੍ਰਧਾਨ ਮੁਤਾਬਕ ਏਜੰਸੀਆਂ ਪਿਛਲੇ ਕੁਝ ਹਫ਼ਤਿਆਂ ਤੋਂ ਨਸ਼ੇ ਦੀ ਵੱਡੀ ਖੇਪ ਦੇ ਅਰਬ ਸਾਗਰ ਦੇ ਰਾਹ ਤੋਂ ਆਉਣ ਦੀ ਖੁਫ਼ੀਆ ਜਾਣਕਾਰੀ ’ਤੇ ਕੰਮ ਰਹੀਆਂ ਸਨ। ਖੁਫ਼ੀਆ ਜਾਣਕਾਰੀ ’ਤੇ ਫ਼ੌਜ, ਗੁਜਰਾਤ ਪੁਲਿਸ ਤੇ ਐੱਨਸੀਬੀ ਨੇ ਅੱਗੇ ਕੰਮ ਕੀਤਾ ਤੇ ਡਰੱਗਜ਼ ਨਾਲ ਲੱਦੀ ਕਿਸ਼ਤੀ ਦੀ ਪਛਾਣ ਕਰ ਕੇ ਇਸ ਨੂੰ ਜ਼ਬਤ ਕੀਤਾ। ਇਸ ਲਈ ਫ਼ੌਜ ਵੱਲੋਂ ਜਾਸੂਸੀ ਜਹਾਜ਼ਾਂ ਦੀ ਮਦਦ ਲਈ ਗਈ। ਉਸ ਦੇ ਕਮਾਂਡੋਜ਼ ਨੇ ਆਪ੍ਰੇਸ਼ਨ ਕਰ ਕੇ ਕਿਸ਼ਤੀ ’ਤੇ ਮੌਜੂਦ ਪੰਜ ਲੋਕਾਂ ਨੂੰ ਕਾਬੂ ਕੀਤਾ। ਕਿਸ਼ਤੀ ਤੋਂ ਡਰੱਗਜ਼ ਤੋਂ ਇਲਾਵਾ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਐੱਨਸੀਬੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਕਿਸ਼ਤੀ ਤੋਂ ਜਿਨ੍ਹਾਂ ਪੰਜ ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਜਾਂ ਈਰਾਨ ਦੇ ਹੋ ਸਕਦੇ ਹਨ। ਡਰੱਗਜ਼ ਜਿਨ੍ਹਾਂ ਪੈਕਟਾਂ ’ਚ ਰੱਖੇ ਗਏ ਸਨ, ਉਨ੍ਹਾਂ ’ਤੇ ਪਾਕਿਸਤਾਨ ਦੀ ਇਕ ਖ਼ੁਰਾਕ ਕੰਪਨੀ ਦਾ ਨਾਂ ਛਪਿਆ ਹੈ। ਇਸ ਤੋਂ ਸਾਫ਼ ਹੈ ਕਿ ਤਸਕਰੀ ’ਚ ਪਾਕਿਸਤਾਨੀ ਨਾਗਰਿਕਾਂ ਦੀ ਸਰਗਰਮ ਭੂਮਿਕਾ ਸੀ। ਉਂਜ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਡਰੱਗਜ਼ ਨੂੰ ਕਿੱਥੇ ਭੇਜਿਆ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਂਜ ਖੁਫ਼ੀਆ ਜਾਣਕਾਰੀ ’ਚ ਡਰੱਗਜ਼ ਨੂੰ ਤਾਮਿਲਨਾਡੂ ਤੋਂ ਆਉਣ ਵਾਲੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਸੌਂਪਣ ਦੀ ਗੱਲ ਕਹੀ ਗਈ ਸੀ। ਫੜੀ ਗਈ ਨਸ਼ੇ ਦੀ ਖੇਪ ’ਚ 3110 ਕਿੱਲੋਗ੍ਰਾਮ ਚਰਸ-ਹਸ਼ੀਸ਼, 158.3 ਕਿੱਲੋਗ੍ਰਾਮ ਕ੍ਰਿਸਟਲੀਅਰ ਪਾਊਡਰ ਮੈੱਥ ਤੇ 24.6 ਕਿੱਲੋਗ੍ਰਾਮ ਹੈਰੋਇਨ ਸ਼ਾਮਲ ਹੈ।
ਇਸ ਕਾਰਵਾਈ ਨੂੰ ਦਿੱਤਾ ਗਿਆ ਆਪ੍ਰੇਸ਼ਨ ਸਮੁੰਦਰ ਮੰਥਨ ਦਾ ਨਾਂ
ਐੱਨਸੀਬੀ ਦੇ ਡਾਇਰੈਕਟਰ ਜਨਰਲ ਐੱਸਐੱਨ ਪ੍ਰਧਾਨ ਮੁਤਾਬਕ ਬਰਾਮਦ ਡਰੱਗਜ਼ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ 1300 ਕਰੋੜ ਰੁਪਏ ਤੋਂ 2000 ਕਰੋੜ ਰੁਪਏ ਤੱਕ ਹੋ ਸਕਦੀ ਹੈ। ਉਂਜ ਮਾਤਰਾ ਦੇ ਹਿਸਾਬ ਨਾਲ ਸਮੁੰਦਰ ’ਚੋਂ ਫੜੀ ਗਈ ਇਹ ਸਭ ਤੋਂ ਵੱਡੀ ਖੇਪ ਹੈ। ਇਸ ਆਪ੍ਰੇਸ਼ਨ ਦਾ ਨਾਂ ਆਪ੍ਰੇਸ਼ਨ ਸਮੁੰਦਰ ਮੰਥਨ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਆਪ੍ਰੇਸ਼ਨ ਸਮੁੰਦਰ ਗੁਪਤ ਤਹਿਤ ਮਿਲੀ ਸੀ ਵੱਡੀ ਕਾਮਯਾਬੀ :
ਇਸ ਤੋਂ ਪਹਿਲਾਂ ਆਪ੍ਰੇਸ਼ਨ ਸਮੁੰਦਰ ਗੁਪਤ ਤਹਿਤ ਮਈ 2023 ’ਚ ਐੱਨਸੀਬੀ ਤੇ ਨੇਵੀ ਨੇ ਕੋਚਿਨ ਦੇ ਨੇੜੇ ਸਮੁੰਦਰ ’ਚੋਂ 2500 ਕਿੱਲੋਗ੍ਰਾਮ ਡਰੱਗਜ਼ ਨੂੰ ਜ਼ਬਤ ਕੀਤਾ ਸੀ। ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਜਾਂਚ ’ਚ ਮਿਲੀ ਜਾਣਕਾਰੀ ਨੂੰ ਵਿਦੇਸ਼ੀ ਏਜੰਸੀਆਂ ਨਾਲ ਸਾਂਝਾ ਕੀਤਾ ਜਾਵੇਗਾ ਤਾਂਕਿ ਪੂਰੇ ਰੈਕਟ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ।