ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ‘ਤੇ ਇਕ ਵਾਰ ਫਿਰ ਹਮਲਾ ਹੋਇਆ ਹੈ। ਐਤਵਾਰ ਨੂੰ ਜਦੋਂ ਉਹ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਆਪਣੇ ਗੋਲਫ ਕੋਰਸ ‘ਚ ਗੋਲਫ ਖੇਡ ਰਹੇ ਸਨ, ਤਾਂ ਉੱਥੇ ਗੋਲਾਬਾਰੀ ਹੋਈ। ਐਫਬੀਆਈ ਨੇ ਇਸ ਘਟਨਾ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਦੇ ਨਾਲ ਹੀ ਸੀਕਰੇਟ ਸਰਵਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੋਨਾਲਡ ਟਰੰਪ ਨੇ ਜਾਰੀ ਕੀਤਾ ਬਿਆਨ
ਇਸ ਘਟਨਾ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ, “ਮੈਂ ਸੁਰੱਖਿਅਤ ਹਾਂ। ਮੈਂ ਆਪਣੇ ਆਲੇ-ਦੁਆਲੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਸਨ, ਪਰ ਇਸ ਤੋਂ ਪਹਿਲਾਂ ਕਿ ਇਸ ਘਟਨਾ ਨੂੰ ਲੈ ਕੇ ਕੋਈ ਅਫਵਾਹ ਫੈਲੇ, ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ ਅਤੇ ਮੈਂ ਸੁਰੱਖਿਅਤ ਹਾਂ। ” ਉਨ੍ਹਾਂ ਅੱਗੇ ਕਿਹਾ, “ਕੋਈ ਵੀ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾ ਸਕੇਗਾ। ਮੈਂ ਕਦੇ ਵੀ ਆਤਮ ਸਮਰਪਣ ਨਹੀਂ ਕਰਾਂਗਾ।” ਤੁਹਾਨੂੰ ਦੱਸ ਦੇਈਏ ਕਿ ਗੋਲਫ ਕੋਰਸ ‘ਤੇ ਗੋਲੀਬਾਰੀ ਤੋਂ ਬਾਅਦ ਟਰੰਪ ਆਪਣੇ ਮਾਰ-ਏ-ਲਾਗੋ ਰਿਜ਼ੋਰਟ ‘ਚ ਪਰਤ ਆਏ ਹਨ।
ਗੋਲਫ ਕੋਰਸ ਦੇ ਨੇੜੇ ਚੱਲੀਆਂ ਗੋਲੀਆਂ
ਐਤਵਾਰ (15 ਸਤੰਬਰ) ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਫਲੋਰੀਡਾ ਦੇ ਵੈਸਟ ਪਾਮ ਬੀਚ ‘ਚ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ ਨੇੜੇ ਕਈ ਗੋਲੀਆਂ ਚਲਾਈਆਂ ਗਈਆਂ। ਅਮਰੀਕੀ ਸੀਕਰੇਟ ਸਰਵਿਸ ਏਜੰਟਾਂ ਨੇ ਕਲੱਬ ਦੇ ਨੇੜੇ ਬੰਦੂਕ ਨਾਲ ਇੱਕ ਵਿਅਕਤੀ ਨੂੰ ਦੇਖ ਕੇ ਗੋਲੀਬਾਰੀ ਕੀਤੀ। ਇਸ ਦੌਰਾਨ ਐਫਬੀਆਈ ਨੇ ਕਿਹਾ ਕਿ ਉਹ ਕਤਲ ਦੀ ਕੋਸ਼ਿਸ਼ ਦੀ ਜਾਂਚ ਕਰ ਰਹੇ ਹਨ।
ਇਸ ਘਟਨਾ ਨੂੰ ਲੈਕੇ ਪਾਮ ਬੀਚ ਕਾਉਂਟੀ ਦੇ ਸ਼ੇਰਿਫ ਰਿਕ ਬ੍ਰੈਡਸ਼ੌ ਨੇ ਕਿਹਾ, “ਯੂ.ਐਸ. ਸੀਕਰੇਟ ਸਰਵਿਸ ਦੇ ਏਜੰਟਾਂ ਨੇ ਇੱਕ ਵਿਅਕਤੀ ‘ਤੇ ਗੋਲੀਬਾਰੀ ਕੀਤੀ, ਜਿਸ ਨੇ ਇੱਕ ਕਲੱਬ ਵਿੱਚ ਇੱਕ ਰਾਈਫਲ ਤਾਣ ਕੇ ਰੱਖੀ ਸੀ, ਜਦ ਕਿ ਉਸ ਵੇਲੇ ਟਰੰਪ ਗੋਲਫ ਕੋਰਸ ‘ਤੇ ਸਨ।” ਬ੍ਰੈਡਸ਼ੌ ਦਾ ਕਹਿਣਾ ਹੈ ਕਿ ਬੰਦੂਕਧਾਰੀ ਟਰੰਪ ਤੋਂ ਲਗਭਗ 400 ਤੋਂ 500 ਗਜ਼ ਦੀ ਦੂਰੀ ‘ਤੇ ਸੀ ਅਤੇ ਝਾੜੀਆਂ ਵਿਚ ਲੁਕਿਆ ਹੋਇਆ ਸੀ। ਬੰਦੂਕਧਾਰੀ ਨੂੰ ਬਾਅਦ ਵਿਚ ਨੇੜਲੇ ਕਾਉਂਟੀ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।