The News Post Punjab

ਜਲੰਧਰ ਤੋਂ ਵੱਡੀ ਖ਼ਬਰ: ਨਿਹੰਗ ਸਿੰਘਾਂ ਤੇ ਪੁਲਸ ਵਿਚਾਲੇ ਝੜਪ

ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਠੇਕੇ ਦੇ ਬਾਹਰ ਬੋਰਡ ਲਗਾਉਣ ਦੇ ਮਾਮਲੇ ਨੂੰ ਲੈ ਕੇ ਜਾਂਚ ਵਿਚ ਜੁਟੀ ਪੁਲਸ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਸ ਨੇ 6 ਨਿਹੰਗਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚੋਂ ਦੋ ਨਾਬਾਲਗ ਹਨ।
ਦੱਸਣਯੋਗ ਹੈ ਕਿ ਗੜ੍ਹਾ ਰੋਡ ’ਤੇ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਅਤੇ ਆਲੇ-ਦੁਆਲੇ ਧਮਕੀ ਭਰੇ ਸ਼ਬਦ ਲਿਖੇ ਬੋਰਡ ਲਾਏ ਜਾਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ।

ਜਿਵੇਂ ਹੀ ਪੁਲਸ ਅਧਿਕਾਰੀਆਂ ਤਕ ਇਹ ਗੱਲ ਪਹੁੰਚੀ ਤਾਂ ਪੁਲਸ ਤੁਰੰਤ ਹਰਕਤ ਵਿਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੜ੍ਹਾ ਰੋਡ ‘ਤੇ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਸ ਪਾਰਟੀ ‘ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐੱਸ. ਐੱਚ. ਓ. ਅਤੇ ਏ. ਸੀ. ਪੀ. ਮਾਡਲ ਟਾਊਨ ਜ਼ਖ਼ਮੀ ਹੋ ਗਏ। ਏ. ਸੀ. ਪੀ. ਅਤੇ ਐੱਸ. ਐੱਚ. ਓ. ‘ਤੇ ਹਮਲਾ ਹੁੰਦੇ ਹੀ ਪੁਲਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ।

ਸਾਰਿਆਂ ਨੂੰ ਥਾਣਾ 7 ਵਿਚ ਲਿਜਾਇਆ ਗਿਆ ਹੈ, ਹਾਲਾਂਕਿ ਏ. ਸੀ. ਪੀ. ਅਤੇ ਐੱਸ. ਐੱਚ. ਓ. ਦੇ ਹੱਥਾਂ ‘ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫ਼ੀ ਵੀ ਕਰ ਲਈ ਹੈ ਜੋਕਿ ਕੁਝ ਸਮੇਂ ਬਾਅਦ ਪੁਲਸ ਵੱਲੋਂ ਜਨਤਕ ਕੀਤੀ ਜਾਵੇਗੀ। ਪੁਲਸ ਨੇ ਨਿਹੰਗ ਸਿੰਘਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸ਼ਰਾਬ ਦੇ ਠੇਕੇ ਬਾਹਰ ਬੋਰਡ ਦੇ ਉੱਪਰ ਪਹਿਲਾਂ ਤਾਂ ਅੰਗਰੇਜ਼ੀ ਵਿਚ ਲਿਖਿਆ ਸੀ ਕਿ ਜੇਕਰ ਸ਼ਰਾਬ ਪੀਤੀ ਤਾਂ ਝਟਕਾ ਡੈੱਥ ਹੋਵੇਗੀ। ਇਸ ਦੇ ਹੇਠਾਂ ਪੰਜਾਬੀ ਭਾਸ਼ਾ ਵਿਚ ਲਿਖਿਆ ਸੀ ਕਿ ਜੇਕਰ ਇਸ ਠੇਕੇ ਤੋਂ ਕੋਈ ਸ਼ਰਾਬ ਖ਼ਰੀਦਦਾ ਹੈ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ। ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਬੋਰਡ ਉਤਾਰ ਦਿੱਤਾ ਗਿਆ ਹੈ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਨੰਬਰ 7 ਦੇ ਡਿਊਟੀ ਅਫ਼ਸਰ ਏ. ਐੱਸ. ਆਈ. ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਸ ਅਧਿਕਾਰੀ ਖ਼ੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Exit mobile version