Flash News Punjab

ਗੋਲ ਗੱਪਿਆਂ ਪਿੱਛੇ ਲੜ ਪਏ ਪਤੀ-ਪਤਨੀ, ਚੱਲੇ ਡਾਂਗਾ-ਸੋਟੇ, ਸੱਦਣੀ ਪੈ ਗਈ ਪੁਲਸ

ਤੁਸੀਂ ਵੀ ਜੇਕਰ ਆਪਣੇ ਪਰਿਵਾਰ ਨਾਲ ਅਕਸਰ ਗੋਲਗੱਪੇ ਖਾਣ ਲਈ ਬਾਜ਼ਾਰ ਜਾਂਦੇ ਹੋ ਤਾਂ ਇਹ ਖਬਰ ਤਹਾਨੂੰ ਵੀ ਹੈਰਾਨ ਪ੍ਰੇਸ਼ਾਨ ਕਰ ਸਕਦੀ ਹੈ। ਦਰਅਸਲ ਗੋਲਗੱਪੇ ਖਾਣ ਪਿੱਛੇ ਪਤੀ-ਪਤਨੀ ਵਿੱਚ ਐਨੀ ਵੱਡੀ ਤਕਰਾਰ ਹੋ ਗਈ ਕਿ ਮੌਕੇ ‘ਤੇ ਨਾ ਸਿਰਫ ਬਹਿਸਬਾਜ਼ੀ ਹੋ ਸਗੋਂ ਡਾਂਗਾ ਸੋਟੇ ਵੀ ਚੱਲ ਪਏ। ਤਕਰਾਰ ਰੋਕਣ ਲਈ ਆਖਿਰਕਾਰ ਦੁਕਾਨਦਾਰਾਂ ਨੂੰ ਪੁਲਸ ਸੱਦਣੀ ਪੈ ਗਈ।

ਦਰਅਸਲ ਬਿਹਾਰ ਦੇ ਬਾਂਕਾ ‘ਚ ਗੋਲਗੱਪੇ ਖਾਣ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝੜਪ ਹੋ ਗਈ। ਪਤੀ ਆਪਣੀ ਮਾਂ ਅਤੇ ਪਤਨੀ ਨਾਲ ਬਾਜ਼ਾਰ ਆਇਆ ਹੋਇਆ ਸੀ। ਤਿੰਨੋਂ ਗੋਲਗੱਪਾ ਖਾਣ ਲਈ ਇਕ ਦੁਕਾਨ ‘ਤੇ ਰੁਕੇ। ਪਤੀ ਨੇ ਦੁਕਾਨਦਾਰ ਨੂੰ ਗੋਲਗੱਪੇ ਦੀਆਂ ਤਿੰਨ ਪਲੇਟਾਂ ਬਣਾਉਣ ਲਈ ਕਿਹਾ। ਜਿਵੇਂ ਹੀ ਪਤੀ ਨੇ ਗੋਲਗੱਪੇ ਦੀ ਪਲੇਟ ਮਾਂ ਨੂੰ ਦਿੱਤੀ ਤਾਂ ਪਤਨੀ ਗੁੱਸੇ ‘ਚ ਆ ਗਈ। ਉਸਨੇ ਕਿਹਾ ਕਿ ਤੁਸੀਂ ਮੈਨੂੰ ਪਹਿਲਾਂ ਗੋਲਗੱਪਿਆਂ ਦੀ ਪਲੇਟ ਕਿਉਂ ਨਹੀਂ ਦਿੱਤੀ? ਬਸ ਫਿਰ ਕੀ ਸੀ ਦੁਕਾਨ ‘ਚ ਹੀ ਪਤੀ-ਪਤਨੀ ਵਿਚਾਲੇ ਬਹਿਸਬਾਜ਼ੀ ਹੋ ਗਈ, ਜੋ ਕੁਝ ਹੀ ਮਿੰਟਾਂ ਵਿੱਚ ਲੜਾਈ ਵਿੱਚ ਬਦਲ ਗਈ।

ਝਗੜਾ ਵਧਣ ‘ਤੇ ਪਤਨੀ ਨੇ ਮੌਕੇ ‘ਤੇ ਹੀ ਆਪਣੇ ਪੇਕੇ ਸੱਦ ਲਏ। ਪਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾ ਲਿਆ। ਦੋਵਾਂ ਪੱਖਾਂ ਵਿੱਚ ਫਿਰ ਰੱਜ ਕੇ ਡਾਂਗਾ-ਸੋਟੇ ਚੱਲੇ। ਹੰਗਾਮਾ ਇਨ੍ਹਾਂ ਜ਼ਿਆਦਾ ਵੱਧ ਗਿਆ ਕਿ ਮੌਕੇ ‘ਤੇ ਪੁਲਸ ਸੱਦਣੀ ਪੈ ਗਈ। ਪੁਲਸ ਦੇ ਪਹੁੰਚਦੇ ਹੀ ਦੋਵੇਂ ਧਿਰਾਂ ਨੇ ਗੋਲਗੱਪਿਆਂ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਇਕ ਦੂਜੇ ‘ਤੇ ਕੁਝ ਹੋਰ ਹੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ। ਪਤੀ ਨੇ ਦੋਸ਼ ਲਾਇਆ ਕਿ ਪਤਨੀ ਆਪਣੀ ਸੱਸ ਦੀ ਸੇਵਾ ਨਹੀਂ ਕਰਦੀ। ਪੁਲਸ ਨੇ ਬੜੀ ਮੁਸ਼ਕਲ ਨਾਲ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਇਆ।

ਮਾਮਲਾ ਜਗਤਪੁਰ ਇਲਾਕੇ ਦਾ ਹੈ। ਇੱਥੇ ਰਹਿਣ ਵਾਲੇ ਪਤੀ-ਪਤਨੀ ਨੇ ਸੋਮਵਾਰ ਸ਼ਾਮ ਗੋਲਗੱਪਿਆਂ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ। ਪਤੀ ਨੇ ਆਪਣੀ ਪਤਨੀ ਅਤੇ ਮਾਂ ਲਈ ਗੋਲਗੱਪਿਆਂ ਦੀ ਪਲੇਟ ਮੰਗਵਾਈ ਸੀ ਪਰ ਪਤਨੀ ਨੂੰ ਗੁੱਸਾ ਆ ਗਿਆ ਕਿ ਪਤੀ ਨੇ ਗੋਲਗੱਪਿਆਂ ਦੀ ਪਲੇਟ ਪਹਿਲਾਂ ਉਸਨੂੰ ਦੇਣ ਦੀ ਬਜਾਏ ਆਪਣੀ ਮਾਂ ਨੂੰ ਦੇ ਦਿੱਤੀ। ਪਤੀ ਸੁਧਾਂਸ਼ੂ ਰਾਏ ਅਤੇ ਪਤਨੀ ਸਪਨਾ ਕੁਮਾਰੀ ਦੁਕਾਨ ਦੇ ਬਾਹਰ ਸਭ ਦੇ ਸਾਹਮਣੇ ਲੜਦੇ ਰਹੇ। ਫਿਰ ਸਪਨਾ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਸੱਦ ਲਿਆ।

ਇਕ-ਦੂਜੇ ‘ਤੇ ਲਾਏ ਦੋਸ਼

ਸੁਧਾਂਸ਼ੂ ਨੇ ਆਪਣੇ ਭਰਾ ਹਿਮਾਂਸ਼ੂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾ ਲਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਡੰਡੇ ਵਰ੍ਹਾਏ। ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋਏ। ਜਦੋਂ ਹੰਗਾਮਾ ਵਧ ਗਿਆ ਤਾਂ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਫਿਰ ਸਪਨਾ ਨੇ ਕਿਹਾ ਕਿ ਮੇਰਾ ਪਤੀ, ਸੱਸ ਅਤੇ ਸਹੁਰਾ ਹਰ ਰੋਜ਼ ਮੇਰੇ ਤੋਂ ਏ. ਸੀ. ਦੀ ਮੰਗ ਕਰਦੇ ਹਨ। ਮੈਨੂੰ ਕਿਹਾ ਜਾਂਦਾ ਹੈ ਕਿ ਮਾਂ ਦੇ ਘਰੋਂ ਏ. ਸੀ. ਲੈ ਕੇ ਆ,ਜਦੋਂ ਮੈਂ ਨਾਂਹ ਕੀਤੀ ਤਾਂ ਮੇਰੇ ਸਹੁਰਿਆਂ ਨੇ ਮੇਰੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਸੁਧਾਂਸ਼ੂ ਦਾ ਕਹਿਣਾ ਹੈ ਕਿ ਸਪਨਾ ਆਪਣੀ ਸੱਸ ਦੀ ਸੇਵਾ ਨਹੀਂ ਕਰਨਾ ਚਾਹੁੰਦੀ। ਉਹ ਚਾਹੁੰਦੀ ਹੈ ਕਿ ਜਾਇਦਾਦ ਵੰਡੀ ਜਾਵੇ ਅਤੇ ਅਸੀਂ ਦੋਵੇਂ ਆਪਣੀ ਰਸੋਈ ਵੱਖ ਕਰ ਲਈਏ। ਪੁਲਸ ਘੰਟਿਆਂਬੱਧੀ ਦੋਵਾਂ ਧਿਰਾਂ ਨੂੰ ਸਮਝਾਉਂਦੀ ਰਹੀ। ਬੜੀ ਮੁਸ਼ਕਲ ਨਾਲ ਮਾਮਲਾ ਸੁਲਝਾ ਲਿਆ ਗਿਆ।

LEAVE A RESPONSE

Your email address will not be published. Required fields are marked *