The News Post Punjab

ਅੰਮ੍ਰਿਤਸਰ ‘ਚ ਇਜ਼ਰਾਈਲੀ ਕੁੜੀ ਨਾਲ ਲੁੱਟ-ਖੋਹ ਦਾ ਮਾਮਲਾ, ਪੁਲਿਸ ਨੇ ਨਾਬਾਲਿਗ ਸਣੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ‘ਚ ਇਜ਼ਰਾਈਲੀ ਕੁੜੀ ਨਾਲ ਹੋਏ ਲੁੱਟ-ਖੋਹ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਛੇਹਰਟਾ ਥਾਣਾ ਪੁਲਿਸ ਨੇ ਇਜ਼ਰਾਈਲੀ ਕੁੜੀ ਤੋਂ ਪਰਸ ਖੋਹਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ 3 ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਿਲ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਪਰਸ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।

ਲੜਕੀ ਦੇ ਪਰਸ ਵਿੱਚ ਪਾਸਪੋਰਟ ਅਤੇ ਕ੍ਰੈਡਿਟ ਕਾਰਡ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 5 ਮੋਬਾਈਲ ਫ਼ੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਛਪਾਲ ਸਿੰਘ ਉਰਫ਼ ਸ਼ਿਵਪਾਲ (19) ਅਤੇ ਗੌਤਮ ਸਿੰਘ (19) ਅਤੇ ਭੱਲਾ ਕਲੋਨੀ ਵਾਸੀ ਨਾਬਾਲਗ ਵਜੋਂ ਹੋਈ ਹੈ। ਇਜ਼ਰਾਈਲੀ ਲੜਕੀ ਨੇ ਦੋਸ਼ੀ ਨੂੰ ਫੜਨ ਅਤੇ ਉਸ ਦਾ ਪਰਸ ਵਾਪਸ ਕਰਨ ਲਈ ਪੁਲਿਸ ਦਾ ਧੰਨਵਾਦ ਕੀਤਾ। ਮੁਲਜ਼ਮਾਂ ਨੇ 23 ਸਤੰਬਰ ਨੂੰ ਲੜਕੀ ਤੋਂ ਪਰਸ ਖੋਹਿਆ ਸੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 23 ਸਤੰਬਰ ਨੂੰ ਦੁਪਹਿਰ 2.45 ਵਜੇ ਇਜ਼ਰਾਈਲੀ ਕੁੜੀ ਅਵਿਸ਼ਾਗ ਰਾਵੋ ਅਤੇ ਹੋਟਲ ਸੰਚਾਲਕ ਵਿਕਾਸ ਮਹਾਜਨ ਈ-ਰਿਕਸ਼ਾ ’ਤੇ ਅਟਾਰੀ ’ਚ ਰਿਟ੍ਰੀਟ ਦੇਖਣ ਜਾ ਰਹੇ ਸਨ। ਜਦੋਂ ਉਹ ਛੇਹਰਟਾ ਚੌਂਕ ਤੋਂ ਥੋੜੀ ਦੂਰ ਪਹੁੰਚੇ ਤਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਔਰਤ ਦੇ ਹੱਥੋਂ ਪਰਸ ਖੋਹ ਲਿਆ। ਤਿੰਨੋਂ ਮੁਲਜ਼ਮਾਂ ਨੂੰ ਛੇਹਰਟਾ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਰਛਪਾਲ ਸਿੰਘ ਖ਼ਿਲਾਫ਼ ਰਣਜੀਤ ਐਵੀਨਿਊ ਥਾਣੇ ਵਿੱਚ ਸਨੈਚਿੰਗ ਦਾ ਕੇਸ ਦਰਜ ਕੀਤਾ ਗਿਆ ਹੈ।

 

Exit mobile version